
ਪਾਤੜਾਂ, 27 ਅਕਤੂਬਰ (ਹਿੰ.ਸ.)| ਹਲਕਾ ਸੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੱਲੋਂ ਪਿੰਡ ਰਸੌਲੀ ਵਿਖੇ ਪੰਜਾਬ ਸਰਕਾਰ ਦੀ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ 350 ਲੋੜਵੰਦ ਪਰਿਵਾਰਾਂ ਨੂੰ ਮਾਲਕੀ ਹੱਕ ਦੇਣ ਲਈ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ। ਉਹ ਲੋਕਾਂ ਵੱਲੋਂ ਦਿੱਤੇ ਗਏ ਭਰੋਸੇ ’ਤੇ ਖਰਾ ਉਤਰਨ ਲਈ ਹਲਕੇ ਦੇ ਮੁੱਖ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਯਤਨਸ਼ੀਲ ਹਨ।
ਉਨ੍ਹਾਂ ਕਿਹਾ ਕਿ ਘੱਗਰ ਦਰਿਆ ਦੀ ਮਾਰ ਨੂੰ ਰੋਕਣ ਲਈ ਸਥਾਈ ਹੱਲ, ਪਾਤੜਾਂ ਸ਼ਹਿਰ ਵਿੱਚ ਨਵੀਂ ਅਨਾਜ ਮੰਡੀ ਬਣਾਉਣ, ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ, ਹਲਕੇ ਵਿੱਚ ਸੜਕਾਂ ਦਾ ਜਾਲ ਵਿਛਾਉਣ ਅਤੇ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਖੇਡ ਸਟੇਡੀਅਮ ਬਣਾਉਣ ਵਰਗੇ ਮੁੱਦੇ ਸਰਕਾਰ ਕੋਲ ਉਠਾਏ ਗਏ ਹਨ।
ਵਿਧਾਇਕ ਨੇ ਕਿਹਾ ਕਿ ਹਲਕਾ ਸੁਤਰਾਣਾ ਵਿੱਚ ਕਈ ਪਰਿਵਾਰਾਂ ਦੇ ਮਕਾਨ ਅਜੇ ਵੀ ਖਸਤਾ ਹਾਲਤ ਵਿੱਚ ਹਨ। ਅਜਿਹੇ ਲੋੜਵੰਦ ਪਰਿਵਾਰਾਂ ਨੂੰ ਜਲਦ ਹੀ ਕੱਚੇ ਮਕਾਨ ਪੱਕੇ ਬਣਾਉਣ ਲਈ ਸਹੂਲਤ ਮੁਹੱਈਆ ਕਰਵਾਈ ਜਾਵੇਗੀ, ਤਾਂ ਜੋ ਉਹ ਬਿਹਤਰ ਰਿਹਾਇਸ਼ੀ ਸਹੂਲਤਾਂ ਦਾ ਲਾਭ ਲੈ ਸਕਣ।
ਇਸ ਮੌਕੇ ਪਿੰਡ ਰਸੌਲੀ ਦੇ ਸਰਪੰਚ ਜਗਸੀਰ ਸਿੰਘ, ਰਾਜਪੂਤ ਬੋਰਡ ਦੇ ਹਲਕਾ ਸੁਤਰਾਣਾ ਦੇ ਚੇਅਰਮੈਨ ਈਸ਼ਵਰ ਰਾਣਾ, ਬਲਾਕ ਪ੍ਰਧਾਨ ਜਗਸੀਰ ਸਿੰਘ ਧਾਲੀਵਾਲ, ਯੁਵਰਾਜ ਸਿੰਘ ਬਾਠ, ਨਰਿੰਦਰ ਸਿੰਘ, ਫੌਜੀ ਰਾਮ, ਪੰਕਜ ਸਿੰਘ, ਸੁਨੀਲ ਕੁਮਾਰ, ਗੁਰਤੇਜ ਸਿੰਘ, ਕਪੂਰ ਚੰਦ, ਸੰਤੋਖ ਸਿੰਘ, ਜਸਵੰਤ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ, ਹਰਦੀਪ ਸਿੰਘ, ਨਿਰਮਲ ਸਿੰਘ, ਗੁਰਪਾਲ ਸਿੰਘ, ਨਾਜਰ ਸਿੰਘ, ਨਫ਼ੇ ਸਿੰਘ, ਜਸਕਰਨ ਸਿੰਘ, ਮਨਜੀਤ ਸਿੰਘ, ਦਰਸ਼ਨ ਸਿੰਘ, ਅਮਰੀਕ ਸਿੰਘ, ਨਿਰਭੈ ਸਿੰਘ ਅਤੇ ਸੁਖਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH