
ਤਰਨ ਤਾਰਨ, 30 ਅਕਤੂਬਰ (ਹਿੰ.ਸ.)| ਸਰਹੱਦ ਪਾਰੋਂ ਨਸ਼ਾ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਤਰਨ ਤਾਰਨ ਪੁਲਿਸ ਅਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਪਿੰਡ ਕਲਸ ਵਿਖੇ ਇੱਟਾਂ ਦੇ ਭੱਠੇ ਨੇੜਿਓਂ 5 ਕਿਲੋ 32 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹੈਰੋਇਨ ਦੀ ਇਹ ਖੇਪ ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜੀ ਗਈ ਸੀ।
ਪੁਲਿਸ ਅਨੁਸਾਰ 181 ਬਟਾਲੀਅਨ ਬੀਐੱਸਐੱਫ ਦੀ ਡੀ ਕੰਪਨੀ, ਬੀਓਪੀ ਰਾਜਾਤਾਲ ਦੇ ਕੰਪਨੀ ਕਮਾਂਡਰ ਇੰਸਪੈਕਟਰ ਸੰਜੀਵ ਕੁਮਾਰ ਯਾਦਵ ਨੇ ਥਾਣਾ ਸਰਾਏ ਅਮਾਨਤ ਖਾਂ ਦੇ ਮੁੱਖ ਅਫ਼ਸਰ ਐੱਸਆਈ ਰਾਜ ਕੁਮਾਰ ਨੂੰ ਸੂਚਨਾ ਦਿੱਤੀ ਕਿ ਪਿੰਡ ਕਲਸ ਵਿਖੇ ਇੱਟਾਂ ਦੇ ਭੱਠੇ ਨੇੜੇ ਪੀਲੇ ਰੰਗ ਦੀ ਟੇਪ ਨਾਲ ਲਪੇਟਿਆ ਇੱਕ ਸ਼ੱਕੀ ਪੈਕਟ ਮਿਲਿਆ ਹੈ।
ਸੂਚਨਾ ਮਿਲਣ ਤੋਂ ਬਾਅਦ ਐੱਸਆਈ ਰਾਜ ਕੁਮਾਰ ਪੁਲਿਸ ਪਾਰਟੀ ਸਮੇਤ ਬੀਓਪੀ ਰਾਜਾਤਾਲ ਪਹੁੰਚੇ ਅਤੇ ਬੀਐੱਸਐੱਫ ਅਧਿਕਾਰੀਆਂ ਤੋਂ ਲੋੜੀਂਦੇ ਦਸਤਾਵੇਜ਼ਾਂ ਰਾਹੀਂ ਪੈਕਟ ਆਪਣੇ ਕਬਜ਼ੇ ਵਿੱਚ ਲਿਆ। ਜਦੋਂ ਪੈਕਟ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਪੰਜ ਪੈਕੇਟ ਬਰਾਮਦ ਹੋਏ। ਡਰੱਗ ਕਿੱਟ ਰਾਹੀਂ ਜਾਂਚ ਕਰਨ 'ਤੇ ਇਨ੍ਹਾਂ ਵਿੱਚ ਹੈਰੋਇਨ ਹੋਣ ਦੀ ਪੁਸ਼ਟੀ ਹੋਈ।
ਇਲੈਕਟ੍ਰਾਨਿਕ ਕੰਡੇ ਨਾਲ ਤੋਲ ਕਰਨ 'ਤੇ ਹੈਰੋਇਨ ਦਾ ਕੁੱਲ ਵਜ਼ਨ 5 ਕਿਲੋ 32 ਗ੍ਰਾਮ ਪਾਇਆ ਗਿਆ, ਜਦਕਿ ਪੈਕਿੰਗ ਸਮੱਗਰੀ ਦਾ ਵਜ਼ਨ 515 ਗ੍ਰਾਮ ਸੀ। ਪੁਲਿਸ ਨੇ ਹੈਰੋਇਨ ਅਤੇ ਪੈਕਿੰਗ ਸਮੱਗਰੀ ਨੂੰ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਕਬਜ਼ੇ ਵਿੱਚ ਲੈ ਕੇ ਸੀਲਬੰਦ ਕਰ ਦਿੱਤਾ।
ਇਸ ਮਾਮਲੇ ਵਿੱਚ ਥਾਣਾ ਸਰਾਏ ਅਮਾਨਤ ਖਾਂ ਵਿਖੇ ਅਣਪਛਾਤੇ ਵਿਅਕਤੀਆਂ ਵਿਰੁੱਧ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਹੁਣ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਾਕਿਸਤਾਨ ਤੋਂ ਹੈਰੋਇਨ ਭੇਜਣ ਅਤੇ ਇਸ ਨੂੰ ਅੱਗੇ ਸਪਲਾਈ ਕਰਨ ਵਾਲੇ ਨੈੱਟਵਰਕ ਨਾਲ ਜੁੜੇ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ। ਤਰਨ ਤਾਰਨ ਪੁਲਿਸ ਨੇ ਕਿਹਾ ਕਿ ਬੀਐੱਸਐੱਫ ਦੇ ਸਹਿਯੋਗ ਨਾਲ ਸਰਹੱਦ ਪਾਰੋਂ ਹੁੰਦੀ ਨਸ਼ਾ ਤਸਕਰੀ ਨੂੰ ਰੋਕਣ ਲਈ ਮੁਹਿੰਮ ਲਗਾਤਾਰ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH