
70 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦੇਣ ਅਤੇ ਸਰਕਾਰੀ ਸਕੂਲਾਂ ਦੇ ਸੁਧਾਰ ਨਾਲ ਨੌਜਵਾਨਾਂ ਵਿੱਚ ਵਧਿਆ ਭਰੋਸਾ
ਚੰਡੀਗੜ੍ਹ, 30 ਅਕਤੂਬਰ (ਹਿੰ.ਸ.)| ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਦੇ ਵਧ ਰਹੇ ਮੌਕੇ ਮਿਲਣ ਕਾਰਨ ਹੁਣ ਉਨ੍ਹਾਂ ਦਾ ਵਿਦੇਸ਼ ਜਾਣ ਦਾ ਰੁਝਾਨ ਘਟ ਰਿਹਾ ਹੈ ਅਤੇ ਨੌਜਵਾਨ ਆਪਣੇ ਸੂਬੇ ਵਿੱਚ ਹੀ ਆਪਣਾ ਭਵਿੱਖ ਬਣਾਉਣ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਪਾਸਪੋਰਟ ਬਣਵਾਉਣ ਦੀ ਮੰਗ ਵਿੱਚ ਵੀ ਕਮੀ ਆਈ ਹੈ, ਕਿਉਂਕਿ ਸਰਕਾਰ ਨੇ ਸੂਬੇ ਵਿੱਚ ਹੀ ਰੋਜ਼ਗਾਰ ਅਤੇ ਤਰੱਕੀ ਦੇ ਨਵੇਂ ਮੌਕੇ ਪੈਦਾ ਕੀਤੇ ਹਨ।
ਜਗਰਾਉਂ ਦੇ ਪਿੰਡ ਕਮਾਲਪੁਰਾ ਵਿਖੇ ਲੋਕ ਮਿਲਣੀ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹੁਣ ਤੱਕ ਨੌਜਵਾਨਾਂ ਨੂੰ 70 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਸਿਫ਼ਾਰਸ਼ ਅਤੇ ਰਿਸ਼ਵਤ ਦੇ ਸਿਰਫ਼ ਮੈਰਿਟ ਦੇ ਆਧਾਰ ’ਤੇ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਨੌਜਵਾਨ ਰੋਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਵੱਲ ਜਾਣ ਲਈ ਮਜਬੂਰ ਸਨ, ਪਰ ਹੁਣ ਪੰਜਾਬ ਵਿੱਚ ਹੀ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਮਿਲ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਵੀ ਵੱਡਾ ਸੁਧਾਰ ਹੋਇਆ ਹੈ। ਇਸ ਸਾਲ ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਪਾਸ ਕੀਤੀ ਹੈ, ਜਦਕਿ ਸਾਲ 2021 ਵਿੱਚ ਇਹ ਗਿਣਤੀ ਸਿਰਫ਼ 80 ਸੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਆਮ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਡਾਕਟਰ ਅਤੇ ਹੋਰ ਪੇਸ਼ੇਵਰ ਬਣਨ ਦੇ ਬਰਾਬਰ ਮੌਕੇ ਦੇਣਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਰੋਜ਼ਗਾਰ, ਸਿੱਖਿਆ, ਸਿਹਤ ਅਤੇ ਪੇਂਡੂ ਵਿਕਾਸ ਨੂੰ ਪਹਿਲ ਦੇ ਕੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਹੁਣ ਆਪਣੇ ਸੁਪਨੇ ਪੂਰੇ ਕਰਨ ਲਈ ਆਪਣਾ ਘਰ-ਬਾਰ ਛੱਡਣ ਦੀ ਲੋੜ ਨਹੀਂ ਪੈਣੀ ਚਾਹੀਦੀ।
ਹਿੰਦੂਸਥਾਨ ਸਮਾਚਾਰ / GURSHARAN SINGH