
ਭਾਰਤ ਨੇ ਚੀਨ ਨੂੰ 5-2, ਜਾਪਾਨ ਨੇ ਬੰਗਲਾਦੇਸ਼ ਨੂੰ 1-0 ਅਤੇ ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ 3-1 ਨਾਲ ਹਰਾਇਆ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਟੂਰਨਾਮੈਂਟ ਦੀ ਮੇਜ਼ਬਾਨੀ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਨੂੰ ਦਿੱਤਾ
ਜਲੰਧਰ, 30 ਅਕਤੂਬਰ (ਹਿੰ.ਸ.)| ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਦੇ ਦੂਜੇ ਦਿਨ ਵੀਰਵਾਰ ਨੂੰ ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਤਿੰਨ ਰੋਮਾਂਚਕ ਮੁਕਾਬਲੇ ਖੇਡੇ ਗਏ। ਇਨ੍ਹਾਂ ਵਿੱਚ ਮੇਜ਼ਬਾਨ ਭਾਰਤ, ਜਾਪਾਨ ਅਤੇ ਮਲੇਸ਼ੀਆ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ-ਆਪਣੇ ਮੁਕਾਬਲੇ ਜਿੱਤ ਲਏ। ਭਾਰਤ ਨੇ ਚੀਨ ਨੂੰ 5-2 ਨਾਲ, ਜਾਪਾਨ ਨੇ ਬੰਗਲਾਦੇਸ਼ ਨੂੰ 1-0 ਨਾਲ ਅਤੇ ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ 3-1 ਨਾਲ ਮਾਤ ਦਿੱਤੀ।
ਇਸ ਮੌਕੇ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਭਾਰਤ ਅਤੇ ਚੀਨ ਵਿਚਾਲੇ ਹੋਇਆ ਮੁਕਾਬਲਾ ਦੇਖਿਆ ਅਤੇ ਦੋਵਾਂ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲਗਾਤਾਰ ਯਤਨਾਂ ਸਦਕਾ ਪੰਜਾਬ ਨੂੰ ਇਸ ਵੱਕਾਰੀ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਪੰਜਾਬ ਨੂੰ ਦੇਸ਼ ਵਿੱਚ ਹਾਕੀ ਦਾ ਗੜ੍ਹ ਦੱਸਦਿਆਂ ਕਿਹਾ ਕਿ ਸੂਬਾ ਸਰਕਾਰ ਟੂਰਨਾਮੈਂਟ ਦੀ ਸਫ਼ਲਤਾ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਭਾਰਤ ਅਤੇ ਚੀਨ ਵਿਚਾਲੇ ਖੇਡਿਆ ਗਿਆ ਮੁਕਾਬਲਾ ਬੇਹੱਦ ਰੋਮਾਂਚਕ ਰਿਹਾ, ਜਿਸ ਵਿੱਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ 5-2 ਨਾਲ ਜਿੱਤ ਹਾਸਲ ਕੀਤੀ। ਭਾਰਤ ਵੱਲੋਂ ਸੁਖਜੀਤ ਸਿੰਘ ਨੇ 12ਵੇਂ ਅਤੇ 34ਵੇਂ ਮਿੰਟ ਵਿੱਚ ਦੋ ਮੈਦਾਨੀ ਗੋਲ ਕੀਤੇ, ਜਦਕਿ ਕਪਤਾਨ ਹਰਮਨਪ੍ਰੀਤ ਸਿੰਘ ਨੇ 27ਵੇਂ ਅਤੇ 31ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਦੋ ਗੋਲ ਦਾਗੇ। ਜੁਗਰਾਜ ਸਿੰਘ ਨੇ 47ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤ ਦੀ ਜਿੱਤ ਯਕੀਨੀ ਬਣਾਈ। ਚੀਨ ਵੱਲੋਂ ਪੇਂਗ ਯਾਂਗ ਨੇ 26ਵੇਂ ਅਤੇ ਚੋਂਗਕੋਂਗ ਚੇਨ ਨੇ 36ਵੇਂ ਮਿੰਟ ਵਿੱਚ ਗੋਲ ਕੀਤੇ।
ਦੂਜੇ ਮੁਕਾਬਲੇ ਵਿੱਚ ਜਾਪਾਨ ਨੇ ਬੰਗਲਾਦੇਸ਼ ਨੂੰ ਸਖ਼ਤ ਟੱਕਰ ਤੋਂ ਬਾਅਦ 1-0 ਨਾਲ ਹਰਾਇਆ। ਦੋਵਾਂ ਟੀਮਾਂ ਵਿਚਾਲੇ ਮੁਕਾਬਲਾ ਕਾਫ਼ੀ ਸੰਘਰਸ਼ਪੂਰਨ ਰਿਹਾ। ਜਾਪਾਨ ਵੱਲੋਂ ਰਾਇਕੀ ਫੁਜੀਸ਼ੀਮਾ ਨੇ 40ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਫ਼ੈਸਲਾਕੁੰਨ ਗੋਲ ਕਰਕੇ ਆਪਣੀ ਟੀਮ ਨੂੰ ਜਿੱਤ ਦਿਵਾਈ।
ਦਿਨ ਦੇ ਪਹਿਲੇ ਮੁਕਾਬਲੇ ਵਿੱਚ ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ 3-1 ਨਾਲ ਹਰਾਇਆ। ਮਲੇਸ਼ੀਆ ਵੱਲੋਂ ਅਜ਼ੀਮੂਦੀਨ ਕਮਰੂਦੀਨ ਨੇ 10ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ। ਦੱਖਣੀ ਕੋਰੀਆ ਨੇ 31ਵੇਂ ਮਿੰਟ ਵਿੱਚ ਸੋਂਗ ਹਾਏ-ਸੋਂਗ ਦੇ ਗੋਲ ਨਾਲ ਸਕੋਰ 1-1 ਕਰ ਦਿੱਤਾ। ਇਸ ਤੋਂ ਬਾਅਦ ਮਲੇਸ਼ੀਆ ਨੇ ਮੁਕਾਬਲੇ ’ਤੇ ਆਪਣੀ ਪਕੜ ਮਜ਼ਬੂਤ ਕਰ ਲਈ। ਮੁਹੰਮਦ ਅਖੀਮੁੱਲਾ ਅਨਵਰ ਏਸੂਕ ਨੇ 36ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਟੀਮ ਨੂੰ 2-1 ਦੀ ਬੜ੍ਹਤ ਦਿਵਾਈ, ਜਦਕਿ ਫ਼ੈਜ਼ਲ ਬਿਨ ਸਾਰੀ ਨੇ 50ਵੇਂ ਮਿੰਟ ਵਿੱਚ ਤੀਜਾ ਗੋਲ ਕਰਕੇ ਮਲੇਸ਼ੀਆ ਦੀ ਜਿੱਤ ’ਤੇ ਮੋਹਰ ਲਗਾ ਦਿੱਤੀ।
ਹਿੰਦੂਸਥਾਨ ਸਮਾਚਾਰ / GURSHARAN SINGH