
3,988 ਵਾਹਨ ਤੇ ਮਸ਼ੀਨਾਂ ਜ਼ਬਤ, 28.70 ਕਰੋੜ ਰੁਪਏ ਜੁਰਮਾਨਾ ਲਾਇਆ, 27.33 ਕਰੋੜ ਵਸੂਲੇ: ਬਰਿੰਦਰ ਕੁਮਾਰ ਗੋਇਲ
ਚੰਡੀਗੜ੍ਹ, 31 ਅਕਤੂਬਰ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪਿਛਲੇ ਪੰਜ ਸਾਲਾਂ ਦੌਰਾਨ ਸੂਬੇ ਵਿੱਚ 1845 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ 3,988 ਵਾਹਨ ਤੇ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਹਨ। ਇਸ ਦੌਰਾਨ 28.70 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ, ਜਿਨ੍ਹਾਂ ਵਿੱਚੋਂ 27.33 ਕਰੋੜ ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਖਣਨ ਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।
ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਗੈਰ-ਕਾਨੂੰਨੀ ਖਣਿਜ ਨਿਕਾਸੀ ਅਤੇ ਢੋਆ-ਢੁਆਈ ਨੂੰ ਰੋਕਣ ਲਈ ਮਾਈਨਿੰਗ ਵਿਭਾਗ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਸਾਲ 2022 ਵਿੱਚ 735 ਐੱਫ.ਆਈ.ਆਰ. ਦਰਜ ਕਰਕੇ 802 ਵਾਹਨ ਤੇ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਅਤੇ 89 ਲੱਖ ਰੁਪਏ ਦੇ ਜੁਰਮਾਨੇ ਲਗਾਏ ਗਏ। 2023 ਵਿੱਚ 458 ਐੱਫ.ਆਈ.ਆਰ. ਦਰਜ ਹੋਈਆਂ ਅਤੇ 987 ਜ਼ਬਤੀਆਂ ਕੀਤੀਆਂ ਗਈਆਂ, ਜਦਕਿ 6.64 ਕਰੋੜ ਰੁਪਏ ਦੇ ਜੁਰਮਾਨਿਆਂ ਵਿੱਚੋਂ 6.17 ਕਰੋੜ ਰੁਪਏ ਵਸੂਲੇ ਗਏ।
ਉਨ੍ਹਾਂ ਦੱਸਿਆ ਕਿ 2024 ਵਿੱਚ 294 ਐੱਫ.ਆਈ.ਆਰ. ਦਰਜ ਕਰਕੇ 1,077 ਵਾਹਨ ਤੇ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਅਤੇ 9.74 ਕਰੋੜ ਰੁਪਏ ਦੇ ਜੁਰਮਾਨਿਆਂ ਵਿੱਚੋਂ 9.56 ਕਰੋੜ ਰੁਪਏ ਵਸੂਲੇ ਗਏ। 2025 ਵਿੱਚ 111 ਐੱਫ.ਆਈ.ਆਰ. ਦਰਜ ਹੋਈਆਂ ਅਤੇ 454 ਜ਼ਬਤੀਆਂ ਕੀਤੀਆਂ ਗਈਆਂ। ਇਸ ਸਾਲ 2.76 ਕਰੋੜ ਰੁਪਏ ਦੇ ਜੁਰਮਾਨਿਆਂ ਵਿੱਚੋਂ 2.70 ਕਰੋੜ ਰੁਪਏ ਵਸੂਲੇ ਗਏ।
ਮੰਤਰੀ ਨੇ ਦੱਸਿਆ ਕਿ ਸਾਲ 2026 ਦੌਰਾਨ ਹੁਣ ਤੱਕ 247 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਅਤੇ 668 ਵਾਹਨ ਤੇ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਹਨ। ਇਸ ਦੌਰਾਨ 8.67 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ, ਜਿਨ੍ਹਾਂ ਵਿੱਚੋਂ 8.02 ਕਰੋੜ ਰੁਪਏ ਦੀ ਵਸੂਲੀ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਜੁਲਾਈ ਤੋਂ ਅਕਤੂਬਰ 2026 ਤੱਕ ਵਿਭਾਗ ਵੱਲੋਂ 170 ਐੱਫ.ਆਈ.ਆਰ. ਦਰਜ ਕਰਕੇ 476 ਚਲਾਨ ਕੀਤੇ ਗਏ। ਇਸ ਸਮੇਂ ਦੌਰਾਨ 6.61 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ ਅਤੇ 6.17 ਕਰੋੜ ਰੁਪਏ ਵਸੂਲੇ ਗਏ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਹਾਲ ਹੀ ਵਿੱਚ ਲੁਧਿਆਣਾ, ਅੰਮ੍ਰਿਤਸਰ, ਰੂਪਨਗਰ, ਸ੍ਰੀ ਅਨੰਦਪੁਰ ਸਾਹਿਬ, ਪਠਾਨਕੋਟ ਅਤੇ ਕਪੂਰਥਲਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਛਾਪੇਮਾਰੀ ਕੀਤੀ ਗਈ। ਇਨ੍ਹਾਂ ਕਾਰਵਾਈਆਂ ਦੌਰਾਨ ਗੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਕਈ ਟਿੱਪਰ, ਟਰੈਕਟਰ, ਪੋਕਲੇਨ ਮਸ਼ੀਨਾਂ ਤੇ ਐਕਸਕੇਵੇਟਰ ਜ਼ਬਤ ਕੀਤੇ ਗਏ।
ਉਨ੍ਹਾਂ ਦੱਸਿਆ ਕਿ 7 ਅਕਤੂਬਰ ਨੂੰ ਅੰਮ੍ਰਿਤਸਰ ਦੇ ਪਿੰਡ ਕੋਟ ਸਿੱਧੂ ਵਿਖੇ ਕਾਰਵਾਈ ਦੌਰਾਨ ਤਿੰਨ ਜੇ.ਸੀ.ਬੀ. ਮਸ਼ੀਨਾਂ, ਇੱਕ ਬਿਨਾਂ ਨੰਬਰੀ ਖੁਦਾਈ ਮਸ਼ੀਨ ਅਤੇ ਸੱਤ ਟਿੱਪਰਾਂ ਦੀ ਸ਼ਨਾਖਤ ਕੀਤੀ ਗਈ। 11 ਅਕਤੂਬਰ ਨੂੰ ਸ੍ਰੀ ਚਮਕੌਰ ਸਾਹਿਬ ਵਿਖੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਤਿੰਨ ਐਕਸਕੇਵੇਟਰ ਅਤੇ ਦੋ ਟਿੱਪਰ ਜ਼ਬਤ ਕੀਤੇ ਗਏ।
ਇਸੇ ਤਰ੍ਹਾਂ ਪਠਾਨਕੋਟ ਦੇ ਜੱਸਵਾਂ ਵਿਖੇ ਮੁਅੱਤਲ ਸਟੋਨ ਕਰੱਸ਼ਰ ਚੱਲਦਾ ਪਾਇਆ ਗਿਆ, ਜਿੱਥੋਂ ਪੋਕਲੇਨ ਮਸ਼ੀਨ ਅਤੇ ਬਜਰੀ ਨਾਲ ਭਰਿਆ ਟਿੱਪਰ ਜ਼ਬਤ ਕੀਤਾ ਗਿਆ। ਕਪੂਰਥਲਾ ਦੇ ਪਿੰਡ ਖਿਜਰਪੁਰ ਵਿੱਚ ਛਾਪੇ ਦੌਰਾਨ ਛੇ ਟਿੱਪਰ, ਇੱਕ ਪੋਕਲੇਨ ਮਸ਼ੀਨ ਅਤੇ ਇੱਕ ਟਰੈਕਟਰ ਜ਼ਬਤ ਕੀਤਾ ਗਿਆ। ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਇਲਾਕਿਆਂ ਵਿੱਚ ਵੀ ਗੈਰ-ਕਾਨੂੰਨੀ ਖਣਨ ਅਤੇ ਖਣਿਜਾਂ ਦੀ ਢੋਆ-ਢੁਆਈ ਵਿਰੁੱਧ ਕਾਰਵਾਈ ਕੀਤੀ ਗਈ।
ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਵਿਭਾਗ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨਿਗਰਾਨੀ ਅਤੇ ਜਵਾਬਦੇਹੀ ਰਾਹੀਂ ਗੈਰ-ਕਾਨੂੰਨੀ ਮਾਈਨਿੰਗ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH