
ਪੇਠਾ, ਗੁਲਾਬ ਜਾਮੁਨ ਅਤੇ ਰਸਗੁੱਲਿਆਂ ਦੇ ਤਿੰਨ ਸੈਂਪਲ ਲੈ ਕੇ ਜਾਂਚ ਲਈ ਲੈਬ ਭੇਜੇ
ਲੁਧਿਆਣਾ, 01 ਨਵੰਬਰ (ਹਿੰ.ਸ.)| ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਰੋਕਣ ਲਈ ਫੂਡ ਸੇਫਟੀ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਸ਼ੀਸ਼ ਚਾਵਲਾ ਦੀ ਅਗਵਾਈ ਹੇਠ ਵਿਭਾਗੀ ਟੀਮ ਨੇ ਵੱਖ-ਵੱਖ ਕੋਲਡ ਸਟੋਰਾਂ ’ਤੇ ਅਚਨਚੇਤ ਛਾਪੇਮਾਰੀ ਕਰਦਿਆਂ ਦੋ ਤੋਂ ਤਿੰਨ ਮਹੀਨੇ ਪੁਰਾਣੀਆਂ ਇੱਕ ਟਨ ਤੋਂ ਵੱਧ ਮਠਿਆਈਆਂ ਨਸ਼ਟ ਕਰਵਾਈਆਂ। ਇਸ ਦੇ ਨਾਲ ਹੀ ਪੇਠਾ, ਗੁਲਾਬ ਜਾਮੁਨ ਅਤੇ ਰਸਗੁੱਲਿਆਂ ਦੇ ਤਿੰਨ ਸੈਂਪਲ ਲੈ ਕੇ ਜਾਂਚ ਲਈ ਲੈਬਾਰਟਰੀ ਭੇਜੇ ਗਏ ਹਨ।
ਵਿਭਾਗ ਦੀ ਇਸ ਕਾਰਵਾਈ ਦਾ ਮੁੱਖ ਉਦੇਸ਼ ਤਿਉਹਾਰਾਂ ਦੌਰਾਨ ਪੁਰਾਣੀਆਂ ਅਤੇ ਅਣਉਚਿਤ ਢੰਗ ਨਾਲ ਸਟੋਰ ਕੀਤੀਆਂ ਮਠਿਆਈਆਂ ਦੀ ਵਿਕਰੀ ਨੂੰ ਰੋਕਣਾ ਅਤੇ ਲੋਕਾਂ ਨੂੰ ਸੁਰੱਖਿਅਤ ਖਾਧ ਪਦਾਰਥ ਮੁਹੱਈਆ ਕਰਵਾਉਣਾ ਹੈ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਕੁਝ ਹਲਵਾਈਆਂ ਵੱਲੋਂ ਤਿਆਰ ਕੀਤੀਆਂ ਮਠਿਆਈਆਂ ਲੰਬੇ ਸਮੇਂ ਤੋਂ ਕੋਲਡ ਸਟੋਰਾਂ ਵਿੱਚ ਰੱਖੀਆਂ ਹੋਈਆਂ ਸਨ। ਇਨ੍ਹਾਂ ਵਿੱਚ ਪੇਠਾ, ਗੁਲਾਬ ਜਾਮੁਨ, ਰਸਗੁੱਲੇ ਅਤੇ ਹੋਰ ਕਿਸਮਾਂ ਦੀਆਂ ਮਠਿਆਈਆਂ ਸ਼ਾਮਲ ਸਨ।
ਵਿਭਾਗੀ ਟੀਮ ਨੇ ਨਿਰਧਾਰਤ ਪ੍ਰਕਿਰਿਆ ਅਨੁਸਾਰ ਇੱਕ ਟਨ ਤੋਂ ਵੱਧ ਮਠਿਆਈਆਂ ਨਸ਼ਟ ਕਰਵਾਈਆਂ। ਅਧਿਕਾਰੀਆਂ ਮੁਤਾਬਕ ਤਿਉਹਾਰਾਂ ਦੌਰਾਨ ਮਠਿਆਈਆਂ ਦੀ ਮੰਗ ਵਧਣ ਕਾਰਨ ਪੁਰਾਣੇ ਸਟਾਕ ਨੂੰ ਬਾਜ਼ਾਰ ਵਿੱਚ ਵੇਚਣ ਦੀ ਸੰਭਾਵਨਾ ਰਹਿੰਦੀ ਹੈ, ਜਿਸ ਨੂੰ ਰੋਕਣ ਲਈ ਇਹ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਦੀਵਾਲੀ ਦੌਰਾਨ ਮਠਿਆਈਆਂ ਦੇ ਨਾਲ-ਨਾਲ ਦੁੱਧ, ਪਨੀਰ, ਖੋਏ ਅਤੇ ਦੁੱਧ ਤੋਂ ਬਣੇ ਹੋਰ ਉਤਪਾਦਾਂ ਦੀ ਮੰਗ ਵੀ ਵਧ ਜਾਂਦੀ ਹੈ। ਇਸ ਲਈ ਮਠਿਆਈਆਂ ਦੀਆਂ ਦੁਕਾਨਾਂ, ਡੇਅਰੀਆਂ, ਉਤਪਾਦਨ ਇਕਾਈਆਂ ਅਤੇ ਕੋਲਡ ਸਟੋਰਾਂ ਦੀ ਨਿਯਮਤ ਤੇ ਅਚਨਚੇਤ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਖਾਧ ਪਦਾਰਥਾਂ ਦੀ ਗੁਣਵੱਤਾ, ਸਫ਼ਾਈ, ਸਹੀ ਭੰਡਾਰਨ ਅਤੇ ਨਿਰਧਾਰਤ ਤਾਪਮਾਨ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਡਾ. ਚਾਵਲਾ ਨੇ ਖਾਧ ਪਦਾਰਥਾਂ ਦੇ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਤਾਜ਼ੀਆਂ ਅਤੇ ਸੁਰੱਖਿਅਤ ਮਠਿਆਈਆਂ ਹੀ ਵੇਚਣ ਅਤੇ ਖਾਧ ਪਦਾਰਥ ਤਿਆਰ ਕਰਨ ਤੇ ਸਟੋਰ ਕਰਨ ਸਮੇਂ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ। ਉਨ੍ਹਾਂ ਕਿਹਾ ਕਿ ਖਾਧ ਸੁਰੱਖਿਆ ਅਤੇ ਮਿਆਰ ਐਕਟ ਤਹਿਤ ਨਿਯਮਾਂ ਦੀ ਪਾਲਣਾ ਅਤੇ ਜਾਇਜ਼ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਹੋਣਾ ਲਾਜ਼ਮੀ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਭਾਗ ਦੀ ਇਹ ਮੁਹਿੰਮ ਦੀਵਾਲੀ ਤੋਂ ਬਾਅਦ ਵੀ ਜਾਰੀ ਰਹੇਗੀ।
ਫੂਡ ਸੇਫਟੀ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੀਵਾਲੀ ਮੌਕੇ ਸਾਫ਼-ਸੁਥਰੀਆਂ ਅਤੇ ਲਾਇਸੈਂਸ ਪ੍ਰਾਪਤ ਦੁਕਾਨਾਂ ਤੋਂ ਹੀ ਮਠਿਆਈਆਂ ਖਰੀਦਣ। ਸਸਤੇ ਦੇ ਲਾਲਚ ਵਿੱਚ ਗੁਣਵੱਤਾ ਨਾਲ ਸਮਝੌਤਾ ਨਾ ਕਰਨ ਅਤੇ ਖੁੱਲ੍ਹੇ ਵਿੱਚ ਰੱਖੀਆਂ, ਬਾਸੀ ਜਾਂ ਸ਼ੱਕੀ ਮਠਿਆਈਆਂ ਖਰੀਦਣ ਤੋਂ ਗੁਰੇਜ਼ ਕਰਨ। ਮਿਲਾਵਟੀ ਜਾਂ ਸ਼ੱਕੀ ਖਾਧ ਪਦਾਰਥਾਂ ਦੀ ਵਿਕਰੀ ਬਾਰੇ ਵਿਭਾਗ ਨੂੰ ਤੁਰੰਤ ਸੂਚਿਤ ਕਰਨ ਦੀ ਵੀ ਅਪੀਲ ਕੀਤੀ ਗਈ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH