ਤਰਨਤਾਰਨ ’ਚ ਸਰਹੱਦੀ ਖੇਤਾਂ ’ਚੋਂ ਪਾਕਿਸਤਾਨੀ ਡਰੋਨ ਬਰਾਮਦ
ਬੀਐੱਸਐੱਫ ਦੀ 115ਵੀਂ ਬਟਾਲੀਅਨ ਦੇ ਜਵਾਨਾਂ ਨੇ ਗਸ਼ਤ ਦੌਰਾਨ ਕੀਤਾ ਕਾਬੂ, ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਤਰਨਤਾਰਨ, 01 ਨਵੰਬਰ (ਹਿੰ.ਸ.)| ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਤਰਨਤਾਰਨ ਜ਼ਿਲ੍ਹੇ ਵਿੱਚ ਨੌਸ਼ਹਿਰਾ ਢਾਲਾ ਸਰਹੱਦੀ ਇਲਾਕੇ ਨੇੜੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਜਵਾਨਾਂ ਨੇ
ਤਰਨਤਾਰਨ ’ਚ ਸਰਹੱਦੀ ਖੇਤਾਂ ’ਚੋਂ ਪਾਕਿਸਤਾਨੀ ਡਰੋਨ ਬਰਾਮਦ


ਬੀਐੱਸਐੱਫ ਦੀ 115ਵੀਂ ਬਟਾਲੀਅਨ ਦੇ ਜਵਾਨਾਂ ਨੇ ਗਸ਼ਤ ਦੌਰਾਨ ਕੀਤਾ ਕਾਬੂ, ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ

ਤਰਨਤਾਰਨ, 01 ਨਵੰਬਰ (ਹਿੰ.ਸ.)| ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਤਰਨਤਾਰਨ ਜ਼ਿਲ੍ਹੇ ਵਿੱਚ ਨੌਸ਼ਹਿਰਾ ਢਾਲਾ ਸਰਹੱਦੀ ਇਲਾਕੇ ਨੇੜੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਜਵਾਨਾਂ ਨੇ ਗਸ਼ਤ ਦੌਰਾਨ ਇੱਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ। ਡਰੋਨ ਖੇਤਾਂ ਵਿੱਚ ਪਿਆ ਮਿਲਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਅਤੇ ਇਲਾਕੇ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਬੀਐੱਸਐੱਫ ਦੀ 115ਵੀਂ ਬਟਾਲੀਅਨ ਦੇ ਕਮਾਂਡਰ ਐੱਸ. ਖੁਗਸੋਈ ਦੀ ਅਗਵਾਈ ਹੇਠ ਜਵਾਨ ਨੌਸ਼ਹਿਰਾ ਢਾਲਾ ਪਿੰਡ ਨੇੜੇ ਸਰਹੱਦੀ ਖੇਤਾਂ ਵਿੱਚ ਨਿਯਮਤ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਖੇਤਾਂ ਵਿੱਚ ਇੱਕ ਸ਼ੱਕੀ ਡਰੋਨ ਪਿਆ ਦਿਖਾਈ ਦਿੱਤਾ। ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਡਰੋਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ।

ਮੁੱਢਲੀ ਜਾਂਚ ਵਿੱਚ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਡਰੋਨ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਇਆ ਸੀ। ਹਾਲਾਂਕਿ, ਇਸ ਦੀ ਵਰਤੋਂ ਹੈਰੋਇਨ ਜਾਂ ਹਥਿਆਰਾਂ ਦੀ ਖੇਪ ਪਹੁੰਚਾਉਣ ਲਈ ਕੀਤੀ ਜਾਣੀ ਸੀ ਜਾਂ ਇਹ ਸਿਰਫ਼ ਸਰਹੱਦੀ ਇਲਾਕੇ ਦੀ ਨਿਗਰਾਨੀ ਕਰਨ ਲਈ ਭੇਜਿਆ ਗਿਆ ਸੀ, ਇਸ ਬਾਰੇ ਹਾਲੇ ਕੋਈ ਪੁਸ਼ਟੀ ਨਹੀਂ ਹੋਈ। ਇਸ ਦੀ ਅਸਲ ਜਾਣਕਾਰੀ ਤਕਨੀਕੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ।

ਇਸ ਮਾਮਲੇ ਵਿੱਚ ਬੀਐੱਸਐੱਫ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਥਾਣਾ ਸਰਾਏ ਅਮਾਨਤ ਖਾਂ ਵਿੱਚ ਸਬ-ਇੰਸਪੈਕਟਰ ਮੰਗਲ ਸਿੰਘ ਵੱਲੋਂ ਕੇਸ ਨੰਬਰ 144 ਦਰਜ ਕੀਤਾ ਗਿਆ ਹੈ। ਪੁਲਿਸ ਨੇ ਧਾਰਾ 25/26/29 ਤਹਿਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਸਰਹੱਦ ਪਾਰੋਂ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਬੀਐੱਸਐੱਫ ਅਤੇ ਪੰਜਾਬ ਪੁਲਿਸ ਵੱਲੋਂ ਸਰਹੱਦੀ ਇਲਾਕਿਆਂ ਵਿੱਚ ਚੌਕਸੀ ਰੱਖੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਹੁਣ ਡਰੋਨ ਦੇ ਰਸਤੇ ਅਤੇ ਇਸ ਨਾਲ ਜੁੜੇ ਸੰਭਾਵੀ ਤਸਕਰੀ ਨੈੱਟਵਰਕ ਬਾਰੇ ਪਤਾ ਲਗਾਉਣ ਵਿੱਚ ਜੁਟੀਆਂ ਹੋਈਆਂ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande