
32 ਬੋਰ ਦੇ 9 ਨਾਜਾਇਜ਼ ਪਿਸਤੌਲ, 10 ਜ਼ਿੰਦਾ ਕਾਰਤੂਸ ਅਤੇ 16 ਮੈਗਜ਼ੀਨ ਬਰਾਮਦ
ਪਟਿਆਲਾ, 01 ਨਵੰਬਰ (ਹਿੰ.ਸ.)| ਪਟਿਆਲਾ ਪੁਲਿਸ ਨੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਵਿਰੁੱਧ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਸੀਆਈਏ ਸਟਾਫ਼ ਰਾਜਪੁਰਾ ਅਤੇ ਥਾਣਾ ਸਿਟੀ ਰਾਜਪੁਰਾ ਦੀ ਸਾਂਝੀ ਟੀਮ ਨੇ ਮੁਲਜ਼ਮਾਂ ਕੋਲੋਂ 32 ਬੋਰ ਦੇ 9 ਨਾਜਾਇਜ਼ ਪਿਸਤੌਲ, 10 ਜ਼ਿੰਦਾ ਕਾਰਤੂਸ ਅਤੇ 16 ਮੈਗਜ਼ੀਨ ਬਰਾਮਦ ਕੀਤੇ ਹਨ। ਪੁਲਿਸ ਨੇ ਮੁਲਜ਼ਮਾਂ ਦੀ ਵਰਤੋਂ ਵਿੱਚ ਆ ਰਹੀ ਚਿੱਟੇ ਰੰਗ ਦੀ ਹੁੰਡਈ ਵਰਨਾ ਕਾਰ ਵੀ ਜ਼ਬਤ ਕੀਤੀ ਹੈ।
ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਜਸਵਿੰਦਰ ਸਿੰਘ ਉਰਫ਼ ਗੋਰਾ ਵਾਸੀ ਪਿੰਡ ਕੋਇਰ ਸਿੰਘ ਵਾਲਾ, ਥਾਣਾ ਭਗਤਾ ਭਾਈ (ਜ਼ਿਲ੍ਹਾ ਬਠਿੰਡਾ), ਲਖਬੀਰ ਸਿੰਘ ਉਰਫ਼ ਲਾਡੀ ਵਾਸੀ ਪਿੰਡ ਪੁਰ, ਥਾਣਾ ਖੇੜੀ ਗੰਡਿਆਂ (ਜ਼ਿਲ੍ਹਾ ਪਟਿਆਲਾ) ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਅਮੀਰ ਕਾਲੋਨੀ, ਰਾਜਪੁਰਾ ਵਜੋਂ ਹੋਈ ਹੈ।
ਐੱਸਪੀ (ਡੀ) ਰਾਜੇਸ਼ ਛਿੱਬੜ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਇਹ ਹਥਿਆਰ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸਨ। ਪੁਲਿਸ ਅਨੁਸਾਰ ਬਰਾਮਦ ਕੀਤੇ ਗਏ 9 ਪਿਸਤੌਲਾਂ ਵਿੱਚੋਂ 4 ਪਿਸਤੌਲ ਕਥਿਤ ਤੌਰ ’ਤੇ ਬੰਬੀਹਾ ਗੈਂਗ ਨੂੰ ਸਪਲਾਈ ਕੀਤੇ ਜਾਣੇ ਸਨ। ਪੁਲਿਸ ਨੇ ਦਾਅਵਾ ਕੀਤਾ ਕਿ ਇਸ ਕਾਰਵਾਈ ਨਾਲ ਦੋ ਵਿਅਕਤੀਆਂ ਦੀ ਹੱਤਿਆ ਕਰਨ ਦੀ ਸਾਜ਼ਿਸ਼ ਨੂੰ ਵੀ ਨਾਕਾਮ ਕੀਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ ਗ੍ਰਿਫ਼ਤਾਰ ਕੀਤੇ ਤਿੰਨਾਂ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੱਧ ਪ੍ਰਦੇਸ਼ ਵਿੱਚੋਂ ਇਹ ਹਥਿਆਰ ਕਿਸ ਵਿਅਕਤੀ ਤੋਂ ਖਰੀਦੇ ਗਏ ਸਨ ਅਤੇ ਪੰਜਾਬ ਵਿੱਚ ਇਨ੍ਹਾਂ ਦੀ ਸਪਲਾਈ ਕਿਹੜੇ ਵਿਅਕਤੀਆਂ ਨੂੰ ਕੀਤੀ ਜਾਣੀ ਸੀ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਹਥਿਆਰਾਂ ਦੀ ਖਰੀਦ ਅਤੇ ਸਪਲਾਈ ਨਾਲ ਜੁੜੇ ਹੋਰ ਸੰਪਰਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH