
ਖੰਨਾ, 14 ਨਵੰਬਰ (ਹਿੰ.ਸ.)। ਕਰਦਾਤਾਵਾਂ ਨੂੰ ਟੈਕਸ ਸਬੰਧੀ ਨਿਯਮਾਂ, ਕਾਨੂੰਨੀ ਵਿਵਸਥਾਵਾਂ ਅਤੇ ਵਿਭਾਗੀ ਸੇਵਾਵਾਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਆਮਦਨ ਕਰ ਵਿਭਾਗ ਖੰਨਾ ਵੱਲੋਂ ਗੋਲਡਨ ਗ੍ਰੇਨ ਕਲੱਬ ਵਿਖੇ ਸੰਵਾਦ ਅਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਖੰਨਾ ਖੇਤਰ ਦੇ ਕਰਦਾਤਾਵਾਂ, ਚਾਰਟਰਡ ਅਕਾਊਂਟੈਂਟਾਂ, ਟੈਕਸ ਵਕੀਲਾਂ ਅਤੇ ਵਪਾਰ ਤੇ ਉਦਯੋਗ ਜਗਤ ਨਾਲ ਜੁੜੇ ਨੁਮਾਇੰਦਿਆਂ ਨੇ ਭਾਗ ਲਿਆ। ਪ੍ਰੋਗਰਾਮ ਦੌਰਾਨ ਆਮਦਨ ਕਰ ਅਧਿਕਾਰੀਆਂ ਨੇ ਟੈਕਸ ਨਿਯਮਾਂ ਅਤੇ ਉਨ੍ਹਾਂ ਦੀ ਪਾਲਣਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸਮੇਂ ਸਿਰ ਟੈਕਸ ਅਦਾ ਕਰਨ ਅਤੇ ਵਿਭਾਗ ਨਾਲ ਨਿਰੰਤਰ ਸੰਪਰਕ ਬਣਾਈ ਰੱਖਣ ਦੀ ਅਪੀਲ ਕੀਤੀ।
ਇਹ ਪ੍ਰੋਗਰਾਮ ਮੁੱਖ ਆਮਦਨ ਕਰ ਕਮਿਸ਼ਨਰ ਅੰਮ੍ਰਿਤਸਰ ਡਾ. ਜੀ.ਐੱਸ. ਫਣੀ ਕਿਸ਼ੋਰ ਆਈ.ਆਰ.ਐੱਸ. ਦੀ ਅਗਵਾਈ ਅਤੇ ਪ੍ਰਿੰਸੀਪਲ ਆਮਦਨ ਕਰ ਕਮਿਸ਼ਨਰ-1, ਲੁਧਿਆਣਾ ਡਾ. ਸ਼ਿਵਦਾਨ ਸਿੰਘ ਭਦੌਰੀਆ ਦੇ ਮਾਰਗਦਰਸ਼ਨ ਹੇਠ ਕਰਵਾਇਆ ਗਿਆ। ਇਸ ਮੌਕੇ ਸੰਯੁਕਤ ਆਮਦਨ ਕਰ ਕਮਿਸ਼ਨਰ ਰੇਂਜ-4 ਲੁਧਿਆਣਾ ਡਾ. ਜਤਿਨ ਅੱਬੀ ਅਤੇ ਸਹਾਇਕ ਆਮਦਨ ਕਰ ਕਮਿਸ਼ਨਰ ਸਰਕਲ-4 ਲੁਧਿਆਣਾ ਸ਼ਮੀਮ ਅਹਿਮਦ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਆਮਦਨ ਕਰ ਅਧਿਕਾਰੀ ਖੰਨਾ ਨਿਸ਼ਾਂਤ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਰਦਾਤਾਵਾਂ ਅਤੇ ਆਮਦਨ ਕਰ ਵਿਭਾਗ ਵਿਚਕਾਰ ਨਿਰੰਤਰ ਸੰਵਾਦ ਨਾਲ ਨਾ ਸਿਰਫ਼ ਟੈਕਸ ਸਬੰਧੀ ਸਮੱਸਿਆਵਾਂ ਦਾ ਹੱਲ ਸੰਭਵ ਹੈ, ਸਗੋਂ ਟੈਕਸ ਪਾਲਣਾ ਦੀ ਪ੍ਰਕਿਰਿਆ ਵੀ ਵਧੇਰੇ ਸਰਲ ਅਤੇ ਪ੍ਰਭਾਵਸ਼ਾਲੀ ਬਣਦੀ ਹੈ। ਉਨ੍ਹਾਂ ਕਰਦਾਤਾਵਾਂ ਨੂੰ ਨਿਰਧਾਰਤ ਸਮਾਂ-ਸੀਮਾ ਅੰਦਰ ਆਪਣੀਆਂ ਟੈਕਸ ਸਬੰਧੀ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੀ ਅਪੀਲ ਕੀਤੀ।
ਇਸ ਦੌਰਾਨ ਮਾਹਿਰ ਅਧਿਕਾਰੀਆਂ ਵੱਲੋਂ ਕਰਦਾਤਾ ਸੇਵਾਵਾਂ ਅਤੇ ਸ਼ਿਕਾਇਤ ਨਿਵਾਰਣ ਪ੍ਰਣਾਲੀ, ਆਮਦਨ ਕਰ ਐਕਟ-2025 ਅਤੇ ਇਸ ਨੂੰ ਲਾਗੂ ਕਰਨ ਨਾਲ ਜੁੜੀ ਤਬਦੀਲੀ ਪ੍ਰਕਿਰਿਆ, ਐਡਵਾਂਸ ਟੈਕਸ ਅਤੇ ਛੋਟੇ ਕਰਦਾਤਾਵਾਂ ਦੀਆਂ ਵਿਦੇਸ਼ੀ ਜਾਇਦਾਦਾਂ ਸਬੰਧੀ ਖੁਲਾਸਾ ਯੋਜਨਾ-2026 ਵਰਗੇ ਮਹੱਤਵਪੂਰਨ ਵਿਸ਼ਿਆਂ ''ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਨੇ ਵੱਖ-ਵੱਖ ਕਾਨੂੰਨੀ ਵਿਵਸਥਾਵਾਂ ਬਾਰੇ ਦੱਸਦਿਆਂ ਕਰਦਾਤਾਵਾਂ ਨੂੰ ਉਨ੍ਹਾਂ ਦੇ ਅਧਿਕਾਰਾਂ, ਜ਼ਿੰਮੇਵਾਰੀਆਂ ਅਤੇ ਉਪਲਬਧ ਸਹੂਲਤਾਂ ਤੋਂ ਵੀ ਜਾਣੂ ਕਰਵਾਇਆ।
ਸੀਨੀਅਰ ਆਮਦਨ ਕਰ ਅਧਿਕਾਰੀਆਂ ਨੇ ਵਿਸ਼ੇਸ਼ ਤੌਰ ’ਤੇ ਐਡਵਾਂਸ ਟੈਕਸ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕਰਦਾਤਾਵਾਂ ਨੂੰ ਆਪਣੀ ਅਨੁਮਾਨਿਤ ਸਾਲਾਨਾ ਆਮਦਨ ਦਾ ਸਹੀ ਮੁਲਾਂਕਣ ਕਰਕੇ ਨਿਯਮਾਂ ਅਨੁਸਾਰ ਅਗਾਊਂ ਟੈਕਸ ਜਮ੍ਹਾਂ ਕਰਵਾਉਣਾ ਚਾਹੀਦਾ ਹੈ, ਤਾਂ ਜੋ ਆਖਰੀ ਸਮੇਂ ਵਾਧੂ ਟੈਕਸ ਬੋਝ ਅਤੇ ਵਿਆਜ ਵਰਗੀਆਂ ਮੁਸ਼ਕਲਾਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਮੇਂ ਸਿਰ ਅਤੇ ਸਹੀ ਟੈਕਸ ਅਦਾ ਕਰਨਾ ਇੱਕ ਜ਼ਿੰਮੇਵਾਰ ਕਰਦਾਤਾ ਹੋਣ ਦਾ ਅਹਿਮ ਹਿੱਸਾ ਹੈ।
ਪ੍ਰੋਗਰਾਮ ਵਿਚ ਮੌਜੂਦ ਖੰਨਾ ਦੇ ਕਰਦਾਤਾਵਾਂ, ਵਕੀਲਾਂ ਅਤੇ ਵਪਾਰਕ ਨੁਮਾਇੰਦਿਆਂ ਨੇ ਆਮਦਨ ਕਰ ਨਾਲ ਜੁੜੀਆਂ ਵੱਖ-ਵੱਖ ਵਿਵਸਥਾਵਾਂ, ਵਿਹਾਰਕ ਮੁਸ਼ਕਲਾਂ ਅਤੇ ਵਿਭਾਗੀ ਪ੍ਰਕਿਰਿਆਵਾਂ ਸਬੰਧੀ ਅਧਿਕਾਰੀਆਂ ਦੇ ਸਾਹਮਣੇ ਆਪਣੇ ਸਵਾਲ ਰੱਖੇ। ਸੀਨੀਅਰ ਅਧਿਕਾਰੀਆਂ ਨੇ ਹਰੇਕ ਸਵਾਲ ਦਾ ਵਿਸਥਾਰ ਨਾਲ ਜਵਾਬ ਦਿੰਦਿਆਂ ਉਨ੍ਹਾਂ ਦੀਆਂ ਸ਼ੰਕਾਵਾਂ ਦੂਰ ਕੀਤੀਆਂ ਅਤੇ ਲੋੜੀਂਦਾ ਮਾਰਗਦਰਸ਼ਨ ਦਿੱਤਾ। ਇਸ ਸੰਵਾਦ ਰਾਹੀਂ ਕਰਦਾਤਾਵਾਂ ਨੂੰ ਆਪਣੀਆਂ ਸਮੱਸਿਆਵਾਂ ਦਾ ਸਿੱਧੇ ਵਿਭਾਗੀ ਅਧਿਕਾਰੀਆਂ ਕੋਲੋਂ ਹੱਲ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਪ੍ਰੋਗਰਾਮ ਦੌਰਾਨ ਕਰ ਪੇਸ਼ੇਵਰਾਂ ਅਤੇ ਵਪਾਰਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਵਲੋਂ ਸੀਨੀਅਰ ਆਮਦਨ ਕਰ ਅਧਿਕਾਰੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਪ੍ਰੋਗਰਾਮ ਵਿੱਚ ਸ਼ਾਮਲ ਸਮੂਹ ਸੀਨੀਅਰ ਅਧਿਕਾਰੀਆਂ, ਕਰਦਾਤਾਵਾਂ, ਕਰ ਪੇਸ਼ੇਵਰਾਂ ਅਤੇ ਵਪਾਰਕ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ