

ਪਹਿਲਾਂ ਬੰਦ ਕਰਨ ਦੇ ਹੁਕਮਾਂ ਦੇ ਬਾਵਜੂਦ ਚੱਲ ਰਹੀਆਂ ਸਨ ਉਦਯੋਗਿਕ ਗਤੀਵਿਧੀਆਂ; ਮਾਲਕ ਖ਼ਿਲਾਫ਼ ਦੂਜੀ ਐੱਫਆਈਆਰ ਦਰਜ
ਅੰਮ੍ਰਿਤਸਰ, 22 ਨਵੰਬਰ (ਹਿੰ.ਸ.)| ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਵਾਤਾਵਰਣ ਨਿਯਮਾਂ ਦੀ ਲਗਾਤਾਰ ਉਲੰਘਣਾ ਕਰਨ ਦੇ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦਿਆਂ ਮੈਸਰਜ਼ ਅਮਰ ਕਲਰ ਕੈਮ ਇੰਡੀਆ ਦੀ ਸਮੁੱਚੀ ਉਦਯੋਗਿਕ ਇਕਾਈ ਨੂੰ ਸੀਲ ਕਰ ਦਿੱਤਾ ਹੈ। ਇਹ ਫੈਕਟਰੀ ਪਲਾਟ ਨੰਬਰ 26, ਓਲਡ ਫੋਕਲ ਪੁਆਇੰਟ, ਮਹਿਤਾ ਰੋਡ, ਅੰਮ੍ਰਿਤਸਰ ਵਿਖੇ ਸਥਿਤ ਹੈ। ਬੋਰਡ ਵੱਲੋਂ ਫੈਕਟਰੀ, ਮਸ਼ੀਨਰੀ, ਹਿਲਾਏ ਜਾ ਸਕਣ ਵਾਲੇ ਪੁਰਜ਼ਿਆਂ, ਡੀਜੀ ਸੈੱਟ ਅਤੇ ਮੁੱਖ ਗੇਟ ਨੂੰ ਸੀਲ ਕੀਤਾ ਗਿਆ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਉਦਯੋਗਿਕ ਗਤੀਵਿਧੀ ਨੂੰ ਰੋਕਿਆ ਜਾ ਸਕੇ।
ਬੋਰਡ ਅਨੁਸਾਰ ਇਸ ਇਕਾਈ ਵਿੱਚ ਬੇਸਿਕ ਡਾਈਜ਼ ਅਤੇ ਇੰਟਰਮੀਡੀਏਟਸ ਦਾ ਨਿਰਮਾਣ ਕੀਤਾ ਜਾਂਦਾ ਹੈ। ਫੈਕਟਰੀ ਵਿਰੁੱਧ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇੱਥੋਂ ਨਿਕਲਣ ਵਾਲੀਆਂ ਤੇਜ਼ ਬਦਬੂਦਾਰ ਗੈਸਾਂ ਕਾਰਨ ਆਸ-ਪਾਸ ਦੇ ਵਸਨੀਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਇਸ ਤੋਂ ਇਲਾਵਾ ਫੋਕਲ ਪੁਆਇੰਟ ਦੀ ਮੁੱਖ ਸੀਵਰੇਜ ਲਾਈਨ ਵਿੱਚ ਰੰਗਦਾਰ ਅਤੇ ਪ੍ਰਦੂਸ਼ਿਤ ਗੰਦਾ ਪਾਣੀ ਛੱਡੇ ਜਾਣ ਦੀਆਂ ਸ਼ਿਕਾਇਤਾਂ ਵੀ ਮਿਲੀਆਂ ਸਨ। ਬੋਰਡ ਵੱਲੋਂ ਨਿੱਜੀ ਸੁਣਵਾਈਆਂ ਸਮੇਤ ਕਈ ਮੌਕੇ ਦਿੱਤੇ ਜਾਣ ਦੇ ਬਾਵਜੂਦ ਉਦਯੋਗ ਵੱਲੋਂ ਨਿਯਮਾਂ ਦੀ ਪਾਲਣਾ ਲਈ ਕੋਈ ਠੋਸ ਸੁਧਾਰਾਤਮਕ ਕਦਮ ਨਹੀਂ ਚੁੱਕੇ ਗਏ।
ਇਸ ਮਾਮਲੇ ਵਿੱਚ ਬੋਰਡ ਨੇ ਜਲ ਐਕਟ, 1974 ਦੀ ਧਾਰਾ 33-ਏ ਅਤੇ ਹਵਾ ਐਕਟ, 1981 ਦੀ ਧਾਰਾ 31-ਏ ਤਹਿਤ ਫੈਕਟਰੀ ਬੰਦ ਕਰਨ, ਬਿਜਲੀ ਸਪਲਾਈ ਕੱਟਣ ਅਤੇ ਡੀਜੀ ਸੈੱਟ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਹ ਹੁਕਮ 12 ਜੂਨ, 2026 ਨੂੰ ਪੀਐੱਸਪੀਸੀਐੱਲ ਦੇ ਅਧਿਕਾਰੀਆਂ ਅਤੇ ਪੁਲਿਸ ਦੀ ਮਦਦ ਨਾਲ ਲਾਗੂ ਕੀਤੇ ਗਏ ਸਨ।
ਹਾਲਾਂਕਿ, 30 ਜੂਨ ਨੂੰ ਕੀਤੀ ਜਾਂਚ ਦੌਰਾਨ ਡੀਜੀ ਸੈੱਟ ਦੇ ਘੁੰਮਣ ਵਾਲੇ ਹਿੱਸਿਆਂ ’ਤੇ ਲੱਗੀਆਂ ਸੀਲਾਂ ਅੰਦਰੋਂ ਟੁੱਟੀਆਂ ਮਿਲੀਆਂ। ਡੀਜੀ ਸੈੱਟ ਗਰਮ ਵੀ ਪਾਇਆ ਗਿਆ, ਜਿਸ ਤੋਂ ਇਸ ਦੇ ਹਾਲ ਹੀ ਵਿੱਚ ਚਲਾਏ ਜਾਣ ਦਾ ਸੰਕੇਤ ਮਿਲਿਆ। ਇਸ ਤੋਂ ਇਲਾਵਾ ਇਕਾਈ ਵਿੱਚ 10 ਕੇਵੀਏ ਸਮਰੱਥਾ ਵਾਲਾ ਇੱਕ ਹੋਰ ਡੀਜੀ ਸੈੱਟ ਵੀ ਮਿਲਿਆ, ਜਿਸ ਦੀ ਵਰਤੋਂ ਕਥਿਤ ਤੌਰ ’ਤੇ ਦਫ਼ਤਰ ਨੂੰ ਬਿਜਲੀ ਸਪਲਾਈ ਦੇਣ ਲਈ ਕੀਤੀ ਜਾ ਰਹੀ ਸੀ।
ਇਸ ਸਬੰਧੀ ਬੋਰਡ ਨੇ 15 ਜੁਲਾਈ, 2026 ਨੂੰ ਫੈਕਟਰੀ ਮਾਲਕ ਅਤੇ ਹੋਰ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਥਾਣਾ ਮਕਬੂਲਪੁਰਾ ਵਿਖੇ ਭਾਰਤੀ ਨਿਆਂ ਸੰਹਿਤਾ, ਜਲ ਐਕਟ ਅਤੇ ਹਵਾ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫਆਈਆਰ ਦਰਜ ਕਰਵਾਈ ਸੀ। ਇਸ ਦੇ ਬਾਵਜੂਦ ਫੈਕਟਰੀ ਚੱਲਣ ਦੀਆਂ ਸ਼ਿਕਾਇਤਾਂ ਮਿਲਦੀਆਂ ਰਹੀਆਂ।
ਬੋਰਡ ਅਧਿਕਾਰੀਆਂ ਵੱਲੋਂ 19 ਨਵੰਬਰ ਨੂੰ ਕੀਤੀ ਜਾਂਚ ਦੌਰਾਨ ਇਕਾਈ ਵਿੱਚ ਤਿਆਰ ਮਾਲ ਦੀ ਪੈਕਿੰਗ ਦਾ ਕੰਮ ਹੁੰਦਾ ਪਾਇਆ ਗਿਆ ਅਤੇ ਮਜ਼ਦੂਰ ਵੀ ਮੌਜੂਦ ਸਨ। ਇਸ ਤੋਂ ਬਾਅਦ ਬੋਰਡ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਫੈਕਟਰੀ ਮਾਲਕ ਵਿਰੁੱਧ ਦੂਜੀ ਐੱਫਆਈਆਰ ਵੀ ਦਰਜ ਕਰਵਾਈ ਗਈ।
ਇੰਜੀਨੀਅਰ ਅੰਮ੍ਰਿਤਪਾਲ ਸਿੰਘ ਚਾਹਲ, ਇੰਜੀਨੀਅਰ ਬਚਨ ਪਾਲ ਸਿੰਘ, ਇੰਜੀਨੀਅਰ ਲਖਵਿੰਦਰ ਕੁਮਾਰ ਅਤੇ ਇੰਜੀਨੀਅਰ ਸੁਖਮਨੀ ਸਿੰਘ ਦੀ ਟੀਮ ਨੇ ਸੀਲਿੰਗ ਦੀ ਕਾਰਵਾਈ ਕੀਤੀ। ਇਸ ਦੌਰਾਨ ਥਾਣਾ ਮਕਬੂਲਪੁਰਾ ਦੀ ਐੱਸਐੱਚਓ ਅਮਨਦੀਪ ਕੌਰ, ਨਾਇਬ ਤਹਿਸੀਲਦਾਰ ਅੰਗਦ ਬਰਾੜ ਬਤੌਰ ਡਿਊਟੀ ਮੈਜਿਸਟ੍ਰੇਟ ਅਤੇ ਹੋਰ ਅਮਲਾ ਵੀ ਮੌਜੂਦ ਸੀ। ਫੈਕਟਰੀ ਮਾਲਕ ਰੋਹਿਤ ਹਾਂਡਾ ਦੀ ਮੌਜੂਦਗੀ ਵਿੱਚ ਸਮੁੱਚੀ ਇਕਾਈ, ਮਸ਼ੀਨਰੀ, ਡੀਜੀ ਸੈੱਟ ਅਤੇ ਮੁੱਖ ਗੇਟ ਨੂੰ ਸੀਲ ਕਰ ਦਿੱਤਾ ਗਿਆ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਵਾਤਾਵਰਣ ਨਿਯਮਾਂ ਦੀ ਪਾਲਣਾ ਲਾਜ਼ਮੀ ਹੈ ਅਤੇ ਬੋਰਡ ਦੇ ਕਾਨੂੰਨੀ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬੋਰਡ ਨੇ ਕਿਹਾ ਕਿ ਵਾਤਾਵਰਣ ਦੀ ਗੁਣਵੱਤਾ ਅਤੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਲਈ ਉਹ ਵਚਨਬੱਧ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH