
ਅਵਿਨਾਸ਼ ਰਾਏ ਖੰਨਾ ਨੇ ਵਿੱਤੀ ਕੁਪ੍ਰਬੰਧਨ ਦੇ ਲਾਏ ਦੋਸ਼
ਚੰਡੀਗੜ੍ਹ, 28 ਨਵੰਬਰ (ਹਿੰ.ਸ.)| ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਫੰਡ ਇਕੱਠੇ ਕਰਨ ਲਈ ਜਾਰੀ ਕੀਤੇ ਗਏ 15,000 ਕਰੋੜ ਰੁਪਏ ਦੇ ਵਿਵਾਦਤ ਟੈਂਡਰ ਨੂੰ ਰੱਦ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਪੰਜਾਬ ਭਾਜਪਾ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਟੈਂਡਰ ਰੱਦ ਕਰਨਾ ਭਾਜਪਾ ਵੱਲੋਂ ਪਹਿਲਾਂ ਲਗਾਏ ਗਏ ਦੋਸ਼ਾਂ ਦੀ ਪੁਸ਼ਟੀ ਕਰਦਾ ਹੈ ਕਿ ਸਰਕਾਰ ਆਪਣੀਆਂ ਲੋਕ-ਲੁਭਾਊ ਸਕੀਮਾਂ ਲਈ ਚੋਰ-ਦਰਵਾਜ਼ੇ ਰਾਹੀਂ ਕਰਜ਼ਾ ਚੁੱਕਣ ਦੀ ਕੋਸ਼ਿਸ਼ ਕਰ ਰਹੀ ਸੀ।
ਖੰਨਾ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸਰਕਾਰ ਵੱਲੋਂ ਟੈਂਡਰ ਰੱਦ ਕਰਨ ਸਬੰਧੀ ਲਿਆ ਗਿਆ ਯੂ-ਟਰਨ ਵਿੱਤੀ ਕੁਪ੍ਰਬੰਧਨ ਦਾ ਸੰਕੇਤ ਹੈ। ਉਨ੍ਹਾਂ ਦੋਸ਼ ਲਾਇਆ ਕਿ 'ਆਪ' ਸਰਕਾਰ ਆਪਣੀਆਂ ਚੋਣਾਂ ਤੋਂ ਪਹਿਲਾਂ ਐਲਾਨੀਆਂ ਸਕੀਮਾਂ ਲਈ ਫੰਡ ਇਕੱਠੇ ਕਰਨ ਵਾਸਤੇ ਸੂਬੇ ਦੀ ਪ੍ਰਮੁੱਖ ਸ਼ਹਿਰੀ ਵਿਕਾਸ ਅਥਾਰਟੀ ਦੇ ਸਰੋਤਾਂ ਦੀ ਵਰਤੋਂ ਕਰਨਾ ਚਾਹੁੰਦੀ ਸੀ।
ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਅੱਗੇ ਸਰਕਾਰ ਵੱਲੋਂ ਪੇਸ਼ ਕੀਤੇ ਗਏ ਪੱਖ 'ਤੇ ਪ੍ਰਤੀਕਿਰਿਆ ਦਿੰਦਿਆਂ ਖੰਨਾ ਨੇ ਕਿਹਾ ਕਿ 191.16 ਕਰੋੜ ਰੁਪਏ ਦੀ ਫੀਸ 'ਤੇ ਨਿਯੁਕਤ ਕੀਤੀ ਗਈ ਗੁਜਰਾਤ ਦੀ ਇੱਕ ਫਰਮ ਨਾਲ ਅਕਾਊਂਟਿੰਗ ਸਿਸਟਮ ਸਬੰਧੀ ਤਕਨੀਕੀ ਮਤਭੇਦਾਂ ਦਾ ਹਵਾਲਾ ਦੇਣਾ ਮਾਮਲੇ ਦੀ ਅਸਲ ਗੰਭੀਰਤਾ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਹਾਈ ਕੋਰਟ ਦੀ ਨਿਗਰਾਨੀ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਚੱਲ ਰਹੀ ਜਾਂਚ ਕਾਰਨ ਸਰਕਾਰ ਨੂੰ ਆਪਣੇ ਫੈਸਲੇ ਤੋਂ ਪਿੱਛੇ ਹਟਣਾ ਪਿਆ ਹੈ। ਸੁਣਵਾਈ ਦੌਰਾਨ ਸਾਹਮਣੇ ਆਈਆਂ ਅਕਾਊਂਟੈਂਟ ਜਨਰਲ (ਆਡਿਟ) ਦੀਆਂ ਟਿੱਪਣੀਆਂ ਦਾ ਹਵਾਲਾ ਦਿੰਦਿਆਂ ਖੰਨਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਗਮਾਡਾ ਵਿੱਚੋਂ ਪਹਿਲਾਂ ਹੀ ਲਗਭਗ 6,400 ਕਰੋੜ ਰੁਪਏ ਕਢਵਾਏ ਜਾ ਚੁੱਕੇ ਹਨ।
ਉਨ੍ਹਾਂ ਅਨੁਸਾਰ, 927.90 ਕਰੋੜ ਰੁਪਏ ਸਮੇਂ ਤੋਂ ਪਹਿਲਾਂ ਟਰਾਂਸਫਰ ਕੀਤੇ ਜਾਣ ਕਾਰਨ ਗਮਾਡਾ ਦੀ ਨਕਦੀ ਦੀ ਸਥਿਤੀ ਪ੍ਰਭਾਵਿਤ ਹੋਈ ਹੈ ਅਤੇ ਅਥਾਰਟੀ ਨੂੰ ਵਪਾਰਕ ਓਵਰਡਰਾਫਟ ਲੈਣ ਦੀ ਨੌਬਤ ਆ ਗਈ ਹੈ। ਖੰਨਾ ਨੇ ਅੱਗੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਵਿਕਾਸ ਅਥਾਰਟੀਆਂ ਤੋਂ ਹੋਰ 1,000 ਕਰੋੜ ਰੁਪਏ ਦੀ ਮੰਗ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਰਾਹੀਂ ਵੱਖਰੇ ਤੌਰ 'ਤੇ 10,000 ਕਰੋੜ ਰੁਪਏ ਦਾ ਕਰਜ਼ਾ ਲੈਣ ਦੀਆਂ ਯੋਜਨਾਵਾਂ ਸੂਬੇ ਦੀ ਵਿੱਤੀ ਸਥਿਤੀ 'ਤੇ ਸਵਾਲ ਖੜ੍ਹੇ ਕਰਦੀਆਂ ਹਨ।
ਭਾਜਪਾ ਆਗੂ ਨੇ ਮੰਗ ਕੀਤੀ ਕਿ ਗਮਾਡਾ ਅਤੇ ਪੀਐੱਸਪੀਸੀਐੱਲ ਤੋਂ ਲਏ ਜਾਂ ਹੋਰ ਕੰਮਾਂ ਲਈ ਵਰਤੇ ਗਏ ਸਾਰੇ ਫੰਡਾਂ ਬਾਰੇ ਸਰਕਾਰ ਵ੍ਹਾਈਟ ਪੇਪਰ ਜਾਰੀ ਕਰੇ, ਤਾਂ ਜੋ ਲੋਕਾਂ ਨੂੰ ਪੂਰੀ ਜਾਣਕਾਰੀ ਮਿਲ ਸਕੇ। ਉਨ੍ਹਾਂ ਕਿਹਾ ਕਿ ਸਿਰਫ਼ ਟੈਂਡਰ ਰੱਦ ਕਰ ਦੇਣ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਜਵਾਬਦੇਹੀ ਤੋਂ ਬਚ ਨਹੀਂ ਸਕਦੀ। ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਜਨਤਕ ਵਿਕਾਸ ਕਾਰਜਾਂ ਲਈ ਰੱਖੇ ਗਏ ਪੈਸੇ ਦੀ ਵਰਤੋਂ ਕਿੱਥੇ ਅਤੇ ਕਿਵੇਂ ਕੀਤੀ ਗਈ।
ਅਵਿਨਾਸ਼ ਰਾਏ ਖੰਨਾ ਨੇ ਹਾਈ ਕੋਰਟ ਅਤੇ ਕੇਂਦਰੀ ਜਾਂਚ ਏਜੰਸੀਆਂ ਨੂੰ ਅਪੀਲ ਕੀਤੀ ਕਿ 191.16 ਕਰੋੜ ਰੁਪਏ ਦੀ ਫੀਸ ਵਾਲੇ ਸੌਦੇ ਅਤੇ ਜਨਤਕ ਵਿਕਾਸ ਫੰਡਾਂ ਦੀ ਕਥਿਤ ਦੁਰਵਰਤੋਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਤੀ ਸਰੋਤਾਂ ਅਤੇ ਜਨਤਾ ਦੇ ਪੈਸੇ ਦੀ ਵਰਤੋਂ ਸਬੰਧੀ ਪੂਰੀ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH