
ਮੁੱਖ ਮੁਲਜ਼ਮ ਬਲਜੀਤ ਸਿੰਘ ਖ਼ਿਲਾਫ਼ ਪਹਿਲਾਂ ਦਰਜ ਹਨ ਚੋਰੀ ਦੇ 27 ਮਾਮਲੇ, ਦੋ ਸਾਥੀ ਅਜੇ ਵੀ ਫ਼ਰਾਰ
ਬਠਿੰਡਾ, 28 ਨਵੰਬਰ (ਹਿੰ.ਸ.)| ਬਠਿੰਡਾ ਦੇ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਪਿੰਡ ਬਾਜਾਕ ਵਿੱਚੋਂ ਕਰੀਬ 3 ਲੱਖ ਰੁਪਏ ਦੀਆਂ ਦੋ ਅਮਰੀਕਨ ਗਾਵਾਂ ਚੋਰੀ ਕਰਨ ਦੇ ਮਾਮਲੇ ਨੂੰ ਸੁਲਝਾਉਂਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤੀਆਂ ਦੋਵੇਂ ਗਾਵਾਂ ਅਤੇ ਵਾਰਦਾਤ ਵਿੱਚ ਵਰਤੀ ਗਈ ਬੋਲੈਰੋ ਪਿਕਅੱਪ ਗੱਡੀ ਵੀ ਬਰਾਮਦ ਕਰ ਲਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁੱਖ ਮੁਲਜ਼ਮ ਬਲਜੀਤ ਸਿੰਘ ਖ਼ਿਲਾਫ਼ ਪਹਿਲਾਂ ਹੀ ਚੋਰੀ ਦੇ 27 ਮਾਮਲੇ ਦਰਜ ਹਨ, ਜਦਕਿ ਇਸ ਮਾਮਲੇ ਵਿੱਚ ਦੋ ਹੋਰ ਮੁਲਜ਼ਮ ਅਜੇ ਫ਼ਰਾਰ ਹਨ।
ਜਾਣਕਾਰੀ ਅਨੁਸਾਰ ਪਿੰਡ ਬਾਜਾਕ ਦੇ ਰਹਿਣ ਵਾਲੇ ਗੁਰਪਾਲ ਸਿੰਘ ਨੇ 5 ਜੂਨ 2026 ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਦੱਸਿਆ ਸੀ ਕਿ 23 ਅਪ੍ਰੈਲ 2026 ਦੀ ਰਾਤ ਅਣਪਛਾਤੇ ਚੋਰ ਉਨ੍ਹਾਂ ਦੇ ਘਰ ਸਾਹਮਣੇ ਬਣੇ ਪਸ਼ੂਆਂ ਦੇ ਵਾੜੇ ਦੀ ਕੰਧ ਤੋੜ ਕੇ ਕਰੀਬ 3 ਲੱਖ ਰੁਪਏ ਦੀਆਂ ਦੋ ਅਮਰੀਕਨ ਗਾਵਾਂ ਚੋਰੀ ਕਰਕੇ ਲੈ ਗਏ ਸਨ। ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।
ਥਾਣਾ ਨੰਦਗੜ੍ਹ ਦੇ ਮੁਖੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਮੁੱਦਕੀ (ਫਿਰੋਜ਼ਪੁਰ) ਵਾਸੀ ਬਲਜੀਤ ਸਿੰਘ ਅਤੇ ਸਾਹਿਬ ਚੰਦ (ਮੁਕਤਸਰ) ਵਾਸੀ ਸੁਖਚੈਨ ਸਿੰਘ ਉਰਫ਼ ਸੁੱਖਾ ਨੂੰ ਨਾਮਜ਼ਦ ਕੀਤਾ ਸੀ। ਐੱਸਆਈ ਗਿਆਨ ਚੰਦ ਦੀ ਅਗਵਾਈ ਵਾਲੀ ਟੀਮ ਨੇ ਛਾਪੇਮਾਰੀ ਕਰਕੇ ਬਲਜੀਤ ਸਿੰਘ ਨੂੰ ਮੁੱਦਕੀ ਤੋਂ ਗ੍ਰਿਫ਼ਤਾਰ ਕਰ ਲਿਆ।
ਪੁੱਛਗਿੱਛ ਦੌਰਾਨ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬੋਲੈਰੋ ਪਿਕਅੱਪ ਗੱਡੀ ਵਿੱਚ ਗਾਵਾਂ ਚੋਰੀ ਕੀਤੀਆਂ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਸਸਤੇ ਭਾਅ 'ਤੇ ਹਰੀਕੇ ਕਲਾਂ (ਮੁਕਤਸਰ) ਦੇ ਰਹਿਣ ਵਾਲੇ ਗੁਰਭੇਜ ਸਿੰਘ ਨੂੰ ਵੇਚ ਦਿੱਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਗੁਰਭੇਜ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਦੋਵੇਂ ਗਾਵਾਂ ਬਰਾਮਦ ਕਰ ਲਈਆਂ।
ਪੁਲਿਸ ਨੇ ਬਲਜੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਰਿਮਾਂਡ ਦੌਰਾਨ ਪੁੱਛਗਿੱਛ ਵਿੱਚ ਉਸ ਨੇ ਵਾਰਦਾਤ ਵਿੱਚ ਕੋਟਕਪੂਰਾ ਵਾਸੀ ਲਖਵਿੰਦਰ ਸਿੰਘ ਉਰਫ਼ ਕਿੰਦਰ ਅਤੇ ਸਾਹਿਬ ਚੰਦ ਵਾਸੀ ਜਗਦੀਪ ਸਿੰਘ ਉਰਫ਼ ਗੋਰੀ ਦੇ ਸ਼ਾਮਲ ਹੋਣ ਬਾਰੇ ਦੱਸਿਆ। ਪੁਲਿਸ ਨੇ ਲਖਵਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਮੋਟਰਸਾਈਕਲ ਚੋਰੀ ਦਾ ਇੱਕ ਮਾਮਲਾ ਦਰਜ ਹੈ। ਉੱਧਰ, ਫ਼ਰਾਰ ਚੱਲ ਰਹੇ ਸੁਖਚੈਨ ਸਿੰਘ ਅਤੇ ਜਗਦੀਪ ਸਿੰਘ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH