
70ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੇ ਅੰਡਰ-14 ਸੇਬਰ ਵਿਅਕਤੀਗਤ ਮੁਕਾਬਲੇ ਵਿੱਚ ਪਹਿਲਾ ਸਥਾਨ; ਟੀਮ ਮੁਕਾਬਲਿਆਂ ਵਿੱਚ ਦੋ ਚਾਂਦੀ ਦੇ ਤਗਮੇ ਵੀ ਜਿੱਤੇ
ਪਟਿਆਲਾ, 04 ਨਵੰਬਰ (ਹਿੰ.ਸ.)| ਡੀ.ਏ.ਵੀ. ਪਬਲਿਕ ਸਕੂਲ ਦੇ ਹੋਣਹਾਰ ਵਿਦਿਆਰਥੀ ਆਰਵ ਕੁਮਾਰ ਨੇ ਤਲਵਾਰਬਾਜ਼ੀ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਸੰਗਰੂਰ ਦੇ ਪ੍ਰੇਮ ਸਭਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈਆਂ ਗਈਆਂ 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ 2026-27 ਦੇ ਅੰਡਰ-14 ਉਮਰ ਵਰਗ ਦੇ ਸੇਬਰ ਈਵੈਂਟ ਵਿੱਚ ਆਰਵ ਨੇ ਵਿਅਕਤੀਗਤ ਮੁਕਾਬਲੇ ਦੌਰਾਨ ਸੋਨੇ ਦਾ ਤਗਮਾ ਜਿੱਤਿਆ।
ਆਰਵ ਨੇ ਸੇਬਰ ਦੇ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਉਸ ਨੇ ਐਪੀ (Epee) ਈਵੈਂਟ ਦੇ ਟੀਮ ਮੁਕਾਬਲੇ ਵਿੱਚ ਵੀ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸ ਤਰ੍ਹਾਂ ਉਸ ਨੇ ਇਨ੍ਹਾਂ ਖੇਡਾਂ ਵਿੱਚ ਕੁੱਲ ਤਿੰਨ ਤਗਮੇ ਆਪਣੇ ਨਾਮ ਕੀਤੇ।
ਇਸ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਆਰਵ ਕੁਮਾਰ ਦਸੰਬਰ ਮਹੀਨੇ ਲੁਧਿਆਣਾ ਵਿਖੇ ਹੋਣ ਵਾਲੀਆਂ 70ਵੀਆਂ ਨੈਸ਼ਨਲ ਸਕੂਲ ਖੇਡਾਂ 2026-27 ਵਿੱਚ ਪੰਜਾਬ ਦੀ ਨੁਮਾਇੰਦਗੀ ਕਰੇਗਾ। ਉਸ ਨੇ ਮੁਕਾਬਲਿਆਂ ਦੌਰਾਨ ਆਪਣੀ ਚੁਸਤੀ, ਧੀਰਜ ਅਤੇ ਆਤਮ-ਵਿਸ਼ਵਾਸ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ।
ਆਪਣੀ ਪ੍ਰਾਪਤੀ ਬਾਰੇ ਆਰਵ ਨੇ ਕਿਹਾ ਕਿ ਉਹ ਆਪਣੇ ਅਧਿਆਪਕਾਂ ਅਤੇ ਤਲਵਾਰਬਾਜ਼ੀ ਦੇ ਕੋਚਾਂ ਦਾ ਦਿਲੋਂ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਹਰ ਕਦਮ ’ਤੇ ਉਸ ਨੂੰ ਪ੍ਰੇਰਿਤ ਕੀਤਾ ਅਤੇ ਹੌਸਲਾ ਵਧਾਇਆ। ਉਸ ਨੇ ਕਿਹਾ ਕਿ ਇਹ ਤਗਮੇ ਉਸ ਲਈ ਸਿਰਫ਼ ਸਨਮਾਨ ਨਹੀਂ, ਸਗੋਂ ਭਵਿੱਖ ਵਿੱਚ ਹੋਰ ਮਿਹਨਤ ਕਰਨ ਦੀ ਪ੍ਰੇਰਣਾ ਹਨ। ਉਸ ਦਾ ਟੀਚਾ ਆਉਣ ਵਾਲੀਆਂ ਕੌਮੀ ਸਕੂਲ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ ਪੰਜਾਬ ਅਤੇ ਆਪਣੇ ਸਕੂਲ ਦਾ ਨਾਮ ਹੋਰ ਰੌਸ਼ਨ ਕਰਨਾ ਹੈ।
ਡੀ.ਏ.ਵੀ. ਪਬਲਿਕ ਸਕੂਲ ਦੇ ਪ੍ਰਿੰਸੀਪਲ ਵਿਵੇਕ ਤਿਵਾੜੀ ਨੇ ਆਰਵ ਕੁਮਾਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਆਰਵ ਦੀ ਮਿਹਨਤ, ਲਗਨ ਅਤੇ ਖੇਡ ਪ੍ਰਤੀ ਸਮਰਪਣ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH