ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਈ ਪ੍ਰੋਜੈਕਟ ਲੋਕਾਂ ਨੂੰ ਕੀਤੇ ਸਮਰਪਿਤ
ਖੇਡ ਮੈਦਾਨ ਦਾ ਉਦਘਾਟਨ, ਗਊਸ਼ਾਲਾ ਦੇ ਸ਼ੈੱਡ ਸਮੇਤ ਗਲੀਆਂ-ਨਾਲੀਆਂ ਅਤੇ ਸੀਵਰੇਜ ਪਾਈਪ ਲਾਈਨ ਦੇ ਕੰਮਾਂ ਦੇ ਰੱਖੇ ਨੀਂਹ ਪੱਥਰ ਅਬੋਹਰ, 04 ਨਵੰਬਰ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ਵਿੱਚ ਵਿਕਾਸ ਕਾਰਜਾਂ ਅਤੇ ਖੇਡ ਸਹੂਲਤਾਂ ਨੂੰ ਹੁਲਾਰਾ ਦੇਣ ਦੀ ਲੜੀ ਤਹਿਤ ਪਿੰਡ ਕਿੱਲਿਆਂਵਾਲੀ, ਬਲਾਕ ਖੂ
ਕੈਬਨਿਟ ਮੰਤਰੀ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਤਰੁਨਪ੍ਰੀਤ ਸਿੰਘ ਸੌਂਦ ਉਦਘਾਟਨ ਕਰਦੇ ਹੋਏ।


ਖੇਡ ਮੈਦਾਨ ਦਾ ਉਦਘਾਟਨ, ਗਊਸ਼ਾਲਾ ਦੇ ਸ਼ੈੱਡ ਸਮੇਤ ਗਲੀਆਂ-ਨਾਲੀਆਂ ਅਤੇ ਸੀਵਰੇਜ ਪਾਈਪ ਲਾਈਨ ਦੇ ਕੰਮਾਂ ਦੇ ਰੱਖੇ ਨੀਂਹ ਪੱਥਰ

ਅਬੋਹਰ, 04 ਨਵੰਬਰ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ਵਿੱਚ ਵਿਕਾਸ ਕਾਰਜਾਂ ਅਤੇ ਖੇਡ ਸਹੂਲਤਾਂ ਨੂੰ ਹੁਲਾਰਾ ਦੇਣ ਦੀ ਲੜੀ ਤਹਿਤ ਪਿੰਡ ਕਿੱਲਿਆਂਵਾਲੀ, ਬਲਾਕ ਖੂਈਆਂ ਸਰਵਰ ਵਿਖੇ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ। ਕੈਬਨਿਟ ਮੰਤਰੀ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਤਰੁਨਪ੍ਰੀਤ ਸਿੰਘ ਸੌਂਦ ਨੇ ਪਿੰਡ ਵਿੱਚ ਨਵੇਂ ਬਣੇ ਖੇਡ ਮੈਦਾਨ ਦਾ ਉਦਘਾਟਨ ਕਰਕੇ ਇਸ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਈ ਹੋਰ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਅਤੇ ਮੁਕੰਮਲ ਹੋਏ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

ਇਹ ਖੇਡ ਮੈਦਾਨ ਪੰਜਾਬ ਸਰਕਾਰ ਦੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਉਸਾਰੇ ਜਾ ਰਹੇ 3,100 ਪੇਂਡੂ ਖੇਡ ਮੈਦਾਨਾਂ ਦੇ ਤੀਜੇ ਪੜਾਅ ਤਹਿਤ ਤਿਆਰ ਕੀਤਾ ਗਿਆ ਹੈ।

ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਪਿੰਡ ਵਿੱਚ ਗਊਸ਼ਾਲਾ ਦੇ ਸ਼ੈੱਡ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਇਸ ਤੋਂ ਇਲਾਵਾ ਬਲਾਕ ਖੂਈਆਂ ਸਰਵਰ ਵਿਖੇ ਨਵੇਂ ਬਣੇ ਪੰਚਾਇਤ ਘਰ, ਸਰਕਾਰੀ ਪ੍ਰਾਇਮਰੀ ਸਕੂਲ ਦੇ ਕਮਰਿਆਂ, ਚਾਰਦੀਵਾਰੀ ਅਤੇ ਰਸੋਈ ਸ਼ੈੱਡ ਦੇ ਨਾਲ-ਨਾਲ ਕਮਿਊਨਿਟੀ ਸੈਂਟਰ-ਕਮ-ਮੈਰਿਜ ਪੈਲੇਸ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਅਪਗ੍ਰੇਡ ਕੀਤੇ ਸਰਕਾਰੀ ਹਾਈ ਸਕੂਲ ਦੀ ਵੀ ਸ਼ੁਰੂਆਤ ਕੀਤੀ। ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਅਤੇ ਇੰਟਰਲਾਕ ਗਲੀਆਂ ਤੇ ਨਾਲੀਆਂ ਦੇ ਨਿਰਮਾਣ ਕਾਰਜਾਂ ਦੇ ਨੀਂਹ ਪੱਥਰ ਵੀ ਰੱਖੇ ਗਏ।

ਇਸ ਮੌਕੇ ਹਲਕਾ ਅਬੋਹਰ ਦੀ ਇੰਚਾਰਜ ਡਾ. ਸੁਹਾਨੀ ਡੋਡਾ ਅਤੇ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਉਪਕਾਰ ਸਿੰਘ ਜਾਖੜ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

ਡਾ. ਸੁਹਾਨੀ ਡੋਡਾ ਨੇ ਕਿਹਾ ਕਿ ਪਿੰਡ ਵਿੱਚ ਖੇਡ ਮੈਦਾਨ ਬਣਨ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨਾਲ ਜੁੜਨ ਲਈ ਉਤਸ਼ਾਹ ਮਿਲੇਗਾ। ਇਹ ਮੈਦਾਨ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਜਿਊਣ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਫੌਜ ਵਿੱਚ ਭਰਤੀ ਸਮੇਤ ਸਰੀਰਕ ਸਮਰੱਥਾ ਨਾਲ ਸਬੰਧਤ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਨੌਜਵਾਨਾਂ ਲਈ ਵੀ ਇਹ ਮੈਦਾਨ ਲਾਹੇਵੰਦ ਸਾਬਤ ਹੋਵੇਗਾ।

ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਵਿਕਾਸ ਪੱਖੋਂ ਅਣਗੌਲੇ ਰਹੇ ਇਸ ਇਲਾਕੇ ਵਿੱਚ ਅਜਿਹੇ ਉਪਰਾਲਿਆਂ ਨਾਲ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਿੱਚ ਮਦਦ ਮਿਲੇਗੀ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੂੰ ਸਵੇਰੇ ਅਤੇ ਸ਼ਾਮ ਦੀ ਸੈਰ ਲਈ ਵੀ ਢੁੱਕਵੀਂ ਥਾਂ ਮਿਲੇਗੀ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀ, ਇਲਾਕੇ ਦੇ ਪਤਵੰਤੇ ਸੱਜਣ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande