
ਡੀਸੀ ਦੀ ਅਗਵਾਈ ਹੇਠ ਐੱਸਡੀਐੱਮਜ਼ ਵੱਲੋਂ ਪਿੰਡਾਂ ਦੇ ਦੌਰੇ, ਕਈ ਥਾਵਾਂ ’ਤੇ ਮੌਕੇ ’ਤੇ ਪਹੁੰਚ ਕੇ ਬੁਝਾਈ ਅੱਗ
ਜ਼ਿਲ੍ਹੇ ਵਿੱਚ 80 ਫ਼ੀਸਦੀ ਤੋਂ ਵੱਧ ਝੋਨੇ ਦੀ ਵਾਢੀ ਮੁਕੰਮਲ; ਕਿਸਾਨਾਂ ਨੂੰ ਆਧੁਨਿਕ ਮਸ਼ੀਨਰੀ ਨਾਲ ਪਰਾਲੀ ਸੰਭਾਲਣ ਦੀ ਅਪੀਲ
ਪਟਿਆਲਾ, 04 ਨਵੰਬਰ (ਹਿੰ.ਸ.)| ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਵਾਤਾਵਰਣ ਦੀ ਸੰਭਾਲ ਲਈ ਪਟਿਆਲਾ ਜ਼ਿਲ੍ਹੇ ਦਾ ਸਮੁੱਚਾ ਪ੍ਰਸ਼ਾਸਨ ਸਰਗਰਮ ਹੋ ਗਿਆ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਸਾਰੇ ਉਪ ਮੰਡਲ ਮੈਜਿਸਟ੍ਰੇਟ (ਐੱਸਡੀਐੱਮ) ਪਿੰਡਾਂ ਵਿੱਚ ਲਗਾਤਾਰ ਦੌਰੇ ਕਰਕੇ ਕਿਸਾਨਾਂ ਨਾਲ ਸਿੱਧਾ ਸੰਪਰਕ ਕਰ ਰਹੇ ਹਨ। ਇਸ ਦੌਰਾਨ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੇ ਸੁਚੱਜੇ ਤਰੀਕਿਆਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਤੁਰੰਤ ਕਾਬੂ ਪਾਉਣ ਲਈ ਵੀ ਕਾਰਵਾਈ ਕੀਤੀ ਜਾ ਰਹੀ ਹੈ।
ਮੁਹਿੰਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਪਿੰਡ ਪੱਧਰ ’ਤੇ ਪੁਲਿਸ ਟੀਮਾਂ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸਹਿਕਾਰੀ ਸਭਾਵਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਵਿਭਾਗੀ ਨੋਡਲ ਅਤੇ ਕਲੱਸਟਰ ਅਫ਼ਸਰ ਤਾਇਨਾਤ ਕੀਤੇ ਗਏ ਹਨ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਵੀ ਚੌਕਸ ਰੱਖਿਆ ਗਿਆ ਹੈ, ਤਾਂ ਜੋ ਅੱਗ ਲੱਗਣ ਦੀ ਕਿਸੇ ਵੀ ਸੂਚਨਾ ’ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ।
ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਏਡੀਸੀ ਦਿਹਾਤੀ ਵਿਕਾਸ ਦਮਨਜੀਤ ਸਿੰਘ ਮਾਨ ਅਤੇ ਏਡੀਸੀ ਅਨੁਪ੍ਰਿਤਾ ਜੌਹਲ ਵੱਲੋਂ ਇਸ ਸਮੁੱਚੀ ਮੁਹਿੰਮ ਦੀ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਦੇ ਬੁਲਾਰੇ ਅਨੁਸਾਰ ਐੱਸਡੀਐੱਮ ਪਟਿਆਲਾ ਗੁਰਦੇਵ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਪਿੰਡ ਸੁਨਿਆਰਹੇੜੀ ਵਿਖੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਪਰਾਲੀ ਨੂੰ ਲੱਗੀ ਅੱਗ ’ਤੇ ਕਾਬੂ ਪਾਇਆ ਅਤੇ ਨੇੜਲੇ ਪਿੰਡਾਂ ਦਾ ਵੀ ਦੌਰਾ ਕੀਤਾ। ਇਸੇ ਤਰ੍ਹਾਂ ਐੱਸਡੀਐੱਮ ਰਾਜਪੁਰਾ ਰਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਪਿੰਡ ਭੋਗਲਾਂ ਵਿਖੇ ਖੇਤਾਂ ਵਿੱਚ ਲੱਗੀ ਅੱਗ ਬੁਝਾਈ। ਐੱਸਡੀਐੱਮ ਦੂਧਨ ਸਾਧਾਂ ਹਰਜੋਤ ਕੌਰ ਦੀ ਨਿਗਰਾਨੀ ਹੇਠਲੀ ਟੀਮ ਨੇ ਅਦਾਲਤੀਵਾਲਾ-ਔਜਾਂ ਰੋਡ ’ਤੇ ਇੱਕ ਖੇਤ ਵਿੱਚ ਲੱਗੀ ਅੱਗ ਨੂੰ ਤੁਰੰਤ ਬੁਝਾਇਆ।
ਐੱਸਡੀਐੱਮ ਸਮਾਣਾ ਰਿਚਾ ਗੋਇਲ ਨੇ ਕੁਤਬਨਪੁਰ ਅਤੇ ਫਤਹਿਮਾਜਰੀ ਸਮੇਤ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਪਰਾਲੀ ਪ੍ਰਬੰਧਨ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਪਿੰਡ ਅਚਰਾਲ ਕਲਾਂ ਵਿਖੇ ਖੇਤਾਂ ਤੋਂ ਬਾਹਰ ਪਰਾਲੀ ਦੇ ਪ੍ਰਬੰਧਨ ਦਾ ਨਿਰੀਖਣ ਕਰਦਿਆਂ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਸਰਕਾਰ ਵੱਲੋਂ ਸਬਸਿਡੀ ’ਤੇ ਮੁਹੱਈਆ ਕਰਵਾਈ ਜਾ ਰਹੀ ਖੇਤੀ ਮਸ਼ੀਨਰੀ ਦੀ ਵਰਤੋਂ ਕਰਨ।
ਇਸੇ ਤਰ੍ਹਾਂ ਐੱਸਡੀਐੱਮ ਨਾਭਾ ਏਪੀਐੱਸ ਸੋਮਲ ਨੇ ਸਬ-ਡਵੀਜ਼ਨ ਦੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਨੂੰ ਪਰਾਲੀ ਬਿਨਾਂ ਸਾੜੇ ਸੰਭਾਲਣ ਲਈ ਪ੍ਰੇਰਿਤ ਕੀਤਾ। ਐੱਸਡੀਐੱਮ ਪਾਤੜਾਂ ਕਾਲਾ ਰਾਮ ਕਾਂਸਲ ਵੱਲੋਂ ਵੀ ਪਿੰਡਾਂ ਵਿੱਚ ਕਿਸਾਨਾਂ ਅਤੇ ਸਥਾਨਕ ਵਸਨੀਕਾਂ ਨਾਲ ਮੁਲਾਕਾਤ ਕਰਕੇ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।
ਖੇਤੀਬਾੜੀ ਵਿਭਾਗ ਅਨੁਸਾਰ ਜ਼ਿਲ੍ਹੇ ਵਿੱਚ ਝੋਨੇ ਦੀ 80 ਫ਼ੀਸਦੀ ਤੋਂ ਵੱਧ ਵਾਢੀ ਮੁਕੰਮਲ ਹੋ ਚੁੱਕੀ ਹੈ। ਸਮਾਣਾ ਅਤੇ ਪਾਤੜਾਂ ਬਲਾਕਾਂ ਵਿੱਚ ਵਾਢੀ ਦੀ ਰਫ਼ਤਾਰ ਕੁਝ ਘੱਟ ਹੈ, ਪਰ 10 ਤੋਂ 15 ਨਵੰਬਰ ਤੱਕ ਇਸ ਦੇ ਮੁਕੰਮਲ ਹੋਣ ਦੀ ਸੰਭਾਵਨਾ ਹੈ। ਖੇਤੀਬਾੜੀ ਮਾਹਿਰਾਂ ਅਨੁਸਾਰ ਕਣਕ ਦੀ ਬਿਜਾਈ ਲਈ 25 ਅਕਤੂਬਰ ਤੋਂ 25 ਨਵੰਬਰ ਤੱਕ ਦਾ ਸਮਾਂ ਢੁਕਵਾਂ ਹੈ। ਕਿਸਾਨਾਂ ਦੀ ਸਹੂਲਤ ਲਈ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ’ਤੇ ਕਣਕ ਦਾ ਬੀਜ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਅਤੇ ਹੋਰ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ। ਪਰਾਲੀ ਸਾੜਨ ਨਾਲ ਹਵਾ ਦੀ ਗੁਣਵੱਤਾ ਖ਼ਰਾਬ ਹੋਣ ਦੇ ਨਾਲ-ਨਾਲ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਵਾਤਾਵਰਣ ’ਤੇ ਵੀ ਮਾੜਾ ਅਸਰ ਪੈਂਦਾ ਹੈ। ਕਿਸਾਨ ਆਧੁਨਿਕ ਪਰਾਲੀ ਪ੍ਰਬੰਧਨ ਤਕਨੀਕਾਂ ਅਪਣਾ ਕੇ ਵਾਤਾਵਰਣ ਦੀ ਸੰਭਾਲ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH