ਫਾਜ਼ਿਲਕਾ ਵਿੱਚ ਕਿਰਾਏਦਾਰਾਂ ਤੇ ਘਰੇਲੂ ਨੌਕਰਾਂ ਦੀ ਵੈਰੀਫਿਕੇਸ਼ਨ ਲਾਜ਼ਮੀ
ਬਿਨਾਂ ਪਤੇ ਤੇ ਸ਼ਨਾਖਤੀ ਸਬੂਤ ਤੋਂ ਕਿਰਾਏਦਾਰ ਜਾਂ ਨੌਕਰ ਰੱਖਣ ’ਤੇ ਪਾਬੰਦੀ; ਗੈਰ-ਕਾਨੂੰਨੀ ਸੋਧੇ ਵਾਹਨ ਚਲਾਉਣ ’ਤੇ ਵੀ ਰੋਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਧਾਰਾ 163 ਅਧੀਨ ਹੁਕਮ ਜਾਰੀ, 31 ਦਸੰਬਰ ਤੱਕ ਰਹਿਣਗੇ ਲਾਗੂ ਫਾਜ਼ਿਲਕਾ, 04 ਨਵੰਬਰ (ਹਿੰ.ਸ.)| ਜ਼ਿਲ੍ਹਾ ਫਾਜ਼ਿਲਕਾ ਵਿੱਚ ਅਮਨ-ਕਾਨੂੰਨ ਦੀ ਸਥਿ
ਫਾਜ਼ਿਲਕਾ ਵਿੱਚ ਕਿਰਾਏਦਾਰਾਂ ਤੇ ਘਰੇਲੂ ਨੌਕਰਾਂ ਦੀ ਵੈਰੀਫਿਕੇਸ਼ਨ ਲਾਜ਼ਮੀ


ਬਿਨਾਂ ਪਤੇ ਤੇ ਸ਼ਨਾਖਤੀ ਸਬੂਤ ਤੋਂ ਕਿਰਾਏਦਾਰ ਜਾਂ ਨੌਕਰ ਰੱਖਣ ’ਤੇ ਪਾਬੰਦੀ; ਗੈਰ-ਕਾਨੂੰਨੀ ਸੋਧੇ ਵਾਹਨ ਚਲਾਉਣ ’ਤੇ ਵੀ ਰੋਕ

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਧਾਰਾ 163 ਅਧੀਨ ਹੁਕਮ ਜਾਰੀ, 31 ਦਸੰਬਰ ਤੱਕ ਰਹਿਣਗੇ ਲਾਗੂ

ਫਾਜ਼ਿਲਕਾ, 04 ਨਵੰਬਰ (ਹਿੰ.ਸ.)| ਜ਼ਿਲ੍ਹਾ ਫਾਜ਼ਿਲਕਾ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਅਪਰਾਧਿਕ ਗਤੀਵਿਧੀਆਂ ’ਤੇ ਰੋਕ ਲਗਾਉਣ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਅਮਰਪ੍ਰੀਤ ਕੌਰ ਸੰਧੂ, ਆਈ.ਏ.ਐੱਸ. ਵੱਲੋਂ ਕਿਰਾਏਦਾਰਾਂ, ਘਰੇਲੂ ਨੌਕਰਾਂ ਅਤੇ ਮਜ਼ਦੂਰਾਂ ਦੀ ਪੂਰੀ ਜਾਣਕਾਰੀ ਤੇ ਸ਼ਨਾਖਤੀ ਸਬੂਤ ਰੱਖਣ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਦੀ ਹਦੂਦ ਅੰਦਰ ਗੈਰ-ਕਾਨੂੰਨੀ ਤਰੀਕੇ ਨਾਲ ਸੋਧੇ ਅਤੇ ਗੈਰ-ਵਰਗੀਕ੍ਰਿਤ ਵਾਹਨਾਂ ਦੀ ਵਰਤੋਂ ’ਤੇ ਵੀ ਪਾਬੰਦੀ ਲਗਾਈ ਗਈ ਹੈ।

ਜ਼ਿਲ੍ਹਾ ਮੈਜਿਸਟਰੇਟ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਹੁਕਮ ਜਾਰੀ ਕੀਤੇ ਹਨ, ਜੋ 31 ਦਸੰਬਰ 2026 ਤੱਕ ਲਾਗੂ ਰਹਿਣਗੇ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹੁਕਮਾਂ ਅਨੁਸਾਰ ਜ਼ਿਲ੍ਹੇ ਵਿੱਚ ਮਕਾਨ ਮਾਲਕਾਂ ਵੱਲੋਂ ਆਪਣੇ ਮਕਾਨਾਂ ਵਿੱਚ ਕਿਰਾਏ ’ਤੇ ਰੱਖੇ ਵਿਅਕਤੀਆਂ ਅਤੇ ਘਰੇਲੂ ਨੌਕਰਾਂ, ਮਜ਼ਦੂਰਾਂ ਦਾ ਪੂਰਾ ਪਤਾ ਅਤੇ ਸ਼ਨਾਖਤੀ ਸਬੂਤ ਰੱਖਣਾ ਲਾਜ਼ਮੀ ਹੋਵੇਗਾ। ਬਿਨਾਂ ਪੂਰੀ ਜਾਣਕਾਰੀ ਅਤੇ ਪਛਾਣ ਸਬੰਧੀ ਦਸਤਾਵੇਜ਼ਾਂ ਦੇ ਕਿਸੇ ਵੀ ਵਿਅਕਤੀ ਨੂੰ ਕਿਰਾਏਦਾਰ ਜਾਂ ਕੰਮ ’ਤੇ ਰੱਖਣ ਦੀ ਮਨਾਹੀ ਹੋਵੇਗੀ।

ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਦੂਜੇ ਸੂਬਿਆਂ ਤੋਂ ਆਉਣ ਵਾਲੇ ਮਜ਼ਦੂਰਾਂ ਨੂੰ ਵੱਖ-ਵੱਖ ਕੰਮਾਂ ਲਈ ਰੱਖਿਆ ਜਾਂਦਾ ਹੈ ਅਤੇ ਬਾਹਰਲੇ ਸੂਬਿਆਂ ਤੋਂ ਆਏ ਲੋਕ ਕਿਰਾਏ ਦੇ ਮਕਾਨਾਂ ਵਿੱਚ ਰਹਿਣ ਲੱਗ ਪੈਂਦੇ ਹਨ। ਅਜਿਹੇ ਵਿਅਕਤੀਆਂ ਦਾ ਪੱਕਾ ਪਤਾ ਅਤੇ ਰਿਕਾਰਡ ਨਾ ਹੋਣ ਕਾਰਨ ਕਿਸੇ ਅਪਰਾਧਿਕ ਘਟਨਾ ਦੀ ਸੂਰਤ ਵਿੱਚ ਮੁਲਜ਼ਮਾਂ ਦੀ ਪਛਾਣ ਅਤੇ ਉਨ੍ਹਾਂ ਤੱਕ ਪਹੁੰਚ ਕਰਨਾ ਮੁਸ਼ਕਲ ਹੋ ਜਾਂਦਾ ਹੈ।

ਹੁਕਮਾਂ ਵਿੱਚ ਘਰੇਲੂ ਨੌਕਰਾਂ ਅਤੇ ਕੰਮ ਕਰਨ ਵਾਲੇ ਵਿਅਕਤੀਆਂ ਦੇ ਨਾਮ, ਪੂਰੇ ਪਤੇ, ਤਸਵੀਰਾਂ ਅਤੇ ਹੋਰ ਸਬੰਧਤ ਵੇਰਵਿਆਂ ਦਾ ਰਿਕਾਰਡ ਰਜਿਸਟਰ ਵਿੱਚ ਰੱਖਣ ਅਤੇ ਸਬੰਧਤ ਥਾਣੇ ਜਾਂ ਪੁਲਿਸ ਚੌਕੀ ਵਿੱਚ ਦਰਜ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸੇ ਤਰ੍ਹਾਂ ਮਕਾਨ ਮਾਲਕਾਂ ਨੂੰ ਆਪਣੇ ਕਿਰਾਏਦਾਰਾਂ ਦੀ ਪੂਰੀ ਜਾਣਕਾਰੀ ਸਬੰਧਤ ਪੁਲਿਸ ਥਾਣੇ ਜਾਂ ਚੌਕੀ ਵਿੱਚ ਦਰਜ ਕਰਵਾਉਣੀ ਹੋਵੇਗੀ।

ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਫਾਜ਼ਿਲਕਾ ਦੀ ਹਦੂਦ ਅੰਦਰ ਕਿਸੇ ਵੀ ਵਾਹਨ ਦੇ ਮੂਲ ਰੂਪ ਵਿੱਚ ਗੈਰ-ਮਨਜ਼ੂਰਸ਼ੁਦਾ ਤਬਦੀਲੀ, ਸੋਧ ਜਾਂ ਨਿਰਮਾਣ ਕਰਨ ਅਤੇ ਅਜਿਹੇ ਗੈਰ-ਕਾਨੂੰਨੀ ਤਰੀਕੇ ਨਾਲ ਸੋਧੇ ਵਾਹਨਾਂ ਨੂੰ ਸੜਕਾਂ ਜਾਂ ਜਨਤਕ ਥਾਵਾਂ ’ਤੇ ਚਲਾਉਣ ’ਤੇ ਪਾਬੰਦੀ ਲਗਾਈ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਸੂਬੇ ਵਿੱਚ ਜੁਗਾੜੂ ਰੇਹੜੀਆਂ, ਪੀਟਰ ਰੇਹੜੀਆਂ ਅਤੇ ਹੋਰ ਗੈਰ-ਵਰਗੀਕ੍ਰਿਤ ਤੇ ਗੈਰ-ਕਾਨੂੰਨੀ ਤੌਰ ’ਤੇ ਸੋਧੇ ਵਾਹਨ ਜਨਤਕ ਸੜਕਾਂ ’ਤੇ ਚਲਾਏ ਜਾ ਰਹੇ ਹਨ, ਜੋ ਮੋਟਰ ਵਾਹਨ ਐਕਟ, 1988 ਅਤੇ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਹੁਕਮਾਂ ਦੇ ਮੱਦੇਨਜ਼ਰ ਅਜਿਹੇ ਵਾਹਨਾਂ ਨੂੰ ਸੜਕਾਂ ਅਤੇ ਜਨਤਕ ਥਾਵਾਂ ’ਤੇ ਚਲਾਉਣ ਦੀ ਮਨਾਹੀ ਕੀਤੀ ਗਈ ਹੈ।

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਇਹ ਦੋਵੇਂ ਹੁਕਮ 31 ਦਸੰਬਰ 2026 ਤੱਕ ਜ਼ਿਲ੍ਹਾ ਫਾਜ਼ਿਲਕਾ ਦੀ ਹਦੂਦ ਅੰਦਰ ਲਾਗੂ ਰਹਿਣਗੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande