1984 ਸਿੱਖ ਕਤਲੇਆਮ ਦੇ ਪੀੜਤਾਂ ਨੇ ਰਾਹੁਲ ਗਾਂਧੀ ਨੂੰ ਦਿੱਤੀ ਖੁੱਲ੍ਹੀ ਬਹਿਸ ਦੀ ਚੁਣੌਤੀ
ਕਿਹਾ- ਕਾਂਗਰਸ ਨੇ ਨਾ ਮੁਆਫ਼ੀ ਮੰਗੀ ਅਤੇ ਨਾ ਹੀ ਇਨਸਾਫ਼ ਦਿਵਾਇਆ ਚੰਡੀਗੜ੍ਹ, 04 ਨਵੰਬਰ (ਹਿੰ.ਸ.)| 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੇ ਕਾਂਗਰਸ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ। ''ਜ਼ਖ਼ਮ 84'' ਸੰਮੇਲਨ ਦੇ ਦੂਜੇ ਸੈਸ਼
ਸੰਬੋਧਨ ਕਰਦੇ ਹੋਏ 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਕ ਮੈਂਬਰ।


ਕਿਹਾ- ਕਾਂਗਰਸ ਨੇ ਨਾ ਮੁਆਫ਼ੀ ਮੰਗੀ ਅਤੇ ਨਾ ਹੀ ਇਨਸਾਫ਼ ਦਿਵਾਇਆ

ਚੰਡੀਗੜ੍ਹ, 04 ਨਵੰਬਰ (ਹਿੰ.ਸ.)| 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੇ ਕਾਂਗਰਸ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ। 'ਜ਼ਖ਼ਮ 84' ਸੰਮੇਲਨ ਦੇ ਦੂਜੇ ਸੈਸ਼ਨ 'ਸਿੱਖ ਨਸਲਕੁਸ਼ੀ, ਕਦੋਂ ਤੇ ਕਿਵੇਂ' ਦੌਰਾਨ ਪੀੜਤਾਂ ਨੇ ਆਪਣੇ ਨਾਲ ਵਾਪਰੀਆਂ ਦਰਦਨਾਕ ਘਟਨਾਵਾਂ ਅਤੇ ਇਨਸਾਫ਼ ਲਈ ਦਹਾਕਿਆਂ ਤੋਂ ਚੱਲ ਰਹੇ ਸੰਘਰਸ਼ ਦੀ ਦਾਸਤਾਨ ਸਾਂਝੀ ਕੀਤੀ। ਇਸ ਮੌਕੇ ਨਿਰਪ੍ਰੀਤ ਕੌਰ, ਸਤਪਾਲ ਕੌਰ, ਦਰਸ਼ਣ ਕੌਰ, ਸੋਨੀਆ ਕੌਰ ਅਤੇ ਜਗਸ਼ੇਰ ਸਿੰਘ ਸਮੇਤ ਕਈ ਪੀੜਤਾਂ ਨੇ ਆਪਣੇ ਤਜਰਬੇ ਬਿਆਨ ਕੀਤੇ।

ਪੀੜਤਾਂ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਅੱਜ ਤੱਕ ਨਾ ਤਾਂ ਮੁਆਫ਼ੀ ਮੰਗੀ ਅਤੇ ਨਾ ਹੀ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਗਾਈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸੱਤਾ ਵਿੱਚ ਰਹਿੰਦੀ ਤਾਂ ਸ਼ਾਇਦ ਉਨ੍ਹਾਂ ਨੂੰ ਕਦੇ ਇਨਸਾਫ਼ ਨਹੀਂ ਮਿਲਣਾ ਸੀ।

ਸੈਸ਼ਨ ਦਾ ਸੰਚਾਲਨ ਕਰਦਿਆਂ ਆਰ.ਪੀ. ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਅੱਜਕੱਲ੍ਹ ਵੱਖ-ਵੱਖ ਮੁੱਦਿਆਂ 'ਤੇ ਬਹਿਸ ਦੀਆਂ ਚੁਣੌਤੀਆਂ ਦੇ ਰਹੇ ਹਨ। ਇਸ ਲਈ ਉਨ੍ਹਾਂ ਨੂੰ ਵੀ ਚੁਣੌਤੀ ਹੈ ਕਿ ਉਹ ਰਵੀ ਸ਼ੰਕਰ ਪ੍ਰਸਾਦ, ਐੱਚ.ਐੱਸ. ਫੂਲਕਾ ਅਤੇ ਬੀਬੀ ਨਿਰਪ੍ਰੀਤ ਕੌਰ ਨਾਲ 1984 ਦੇ ਕਤਲੇਆਮ ਬਾਰੇ ਖੁੱਲ੍ਹੀ ਬਹਿਸ ਕਰਨ।

ਪੀੜਤਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਆਪਣੇ ਪਰਿਵਾਰ, ਕਾਂਗਰਸ ਪਾਰਟੀ ਅਤੇ ਉਸ ਸਮੇਂ ਦੀਆਂ ਕਾਂਗਰਸ ਸਰਕਾਰਾਂ ਦੀ ਭੂਮਿਕਾ ਬਾਰੇ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਤਲੇਆਮ ਨੂੰ ਗਿਣੀ-ਮਿੱਥੀ ਸਾਜ਼ਿਸ਼ ਦੱਸਦਿਆਂ ਇਨਸਾਫ਼ ਵਿੱਚ ਦੇਰੀ ਅਤੇ ਮੁਆਫ਼ੀ ਨਾ ਮੰਗਣ 'ਤੇ ਸਵਾਲ ਚੁੱਕੇ।

ਨਿਰਪ੍ਰੀਤ ਕੌਰ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ 1984 ਵਿੱਚ ਉਹ ਸਿਰਫ਼ 16 ਸਾਲਾਂ ਦੀ ਸੀ ਅਤੇ ਉਸ ਦਾ ਪਰਿਵਾਰ ਪਾਵਰ ਕਲੋਨੀ ਵਿੱਚ ਰਹਿੰਦਾ ਸੀ। ਉਨ੍ਹਾਂ ਮੁਤਾਬਕ 31 ਅਕਤੂਬਰ ਨੂੰ ਬਲਵਾਨ ਖੋਖਰ ਉਨ੍ਹਾਂ ਦੇ ਘਰ ਆਇਆ ਅਤੇ ਉਨ੍ਹਾਂ ਦੇ ਭਰਾ ਨੂੰ ਡਰਾਈਵਰ ਰੱਖਣ ਦੀ ਗੱਲ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਜਾਣਨ ਦਾ ਬਹਾਨਾ ਸੀ।

ਉਨ੍ਹਾਂ ਦੱਸਿਆ ਕਿ ਅਗਲੇ ਦਿਨ ਬਲਵਾਨ ਖੋਖਰ, ਕ੍ਰਿਸ਼ਨ ਖੋਖਰ ਅਤੇ ਹੋਰਨਾਂ ਦੀ ਸ਼ਮੂਲੀਅਤ ਵਾਲੀ ਭੀੜ ਨੇ ਉਨ੍ਹਾਂ ਦਾ ਘਰ ਘੇਰ ਲਿਆ। ਉਨ੍ਹਾਂ ਦੇ 9 ਸਾਲਾ ਭਰਾ ਨੂੰ ਵੀ ਨਿਸ਼ਾਨਾ ਬਣਾਉਣ ਲਈ ਭੀੜ ਨੂੰ ਉਕਸਾਇਆ ਗਿਆ। ਪਰਿਵਾਰ ਨੇ ਕਰੀਬ ਚਾਰ ਘੰਟੇ ਹਮਲਾਵਰਾਂ ਦਾ ਸਾਹਮਣਾ ਕੀਤਾ। ਇਸ ਦੌਰਾਨ ਉਨ੍ਹਾਂ ਦੇ ਟਰੱਕ ਨੂੰ ਅੱਗ ਲਗਾ ਦਿੱਤੀ ਗਈ।

ਨਿਰਪ੍ਰੀਤ ਕੌਰ ਨੇ ਸੱਜਣ ਕੁਮਾਰ 'ਤੇ ਵੀ ਭੀੜ ਨੂੰ ਭੜਕਾਉਣ ਦੇ ਦੋਸ਼ ਲਗਾਏ। ਉਨ੍ਹਾਂ ਦੱਸਿਆ ਕਿ ਏਅਰਫੋਰਸ ਦੇ ਵਿੰਗ ਕਮਾਂਡਰ ਐੱਨ.ਐੱਸ. ਪਨੂੰ ਦੀ ਮਦਦ ਨਾਲ ਕਈ ਲੋਕਾਂ ਦੀ ਜਾਨ ਬਚੀ। ਉਨ੍ਹਾਂ ਨੂੰ ਟਾਡਾ ਤਹਿਤ ਜੇਲ੍ਹ ਅਤੇ ਤਿਹਾੜ ਜੇਲ੍ਹ ਵਿੱਚ ਵੀ ਰਹਿਣਾ ਪਿਆ। ਉਨ੍ਹਾਂ ਆਪਣੇ ਪਤੀ ਦੀ ਕਥਿਤ ਝੂਠੇ ਪੁਲਿਸ ਮੁਕਾਬਲੇ ਵਿੱਚ ਹੱਤਿਆ ਹੋਣ ਦਾ ਦਾਅਵਾ ਵੀ ਕੀਤਾ।

ਸੰਮੇਲਨ ਦੌਰਾਨ ਭਾਗੀ ਕੌਰ ਨੇ 1984 ਦੌਰਾਨ ਔਰਤਾਂ ਨਾਲ ਹੋਏ ਜਿਨਸੀ ਅੱਤਿਆਚਾਰਾਂ ਬਾਰੇ ਦੱਸਿਆ। ਉਨ੍ਹਾਂ ਅਨੁਸਾਰ ਕਈ ਔਰਤਾਂ ਨੂੰ ਬੇਰਹਿਮੀ ਨਾਲ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਕਿਸ਼ੋਰੀ ਲਾਲ ਵੱਲੋਂ ਸੱਤ ਸਿੱਖਾਂ ਦੀ ਹੱਤਿਆ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ।

ਸਤਪਾਲ ਕੌਰ ਨੇ ਦੱਸਿਆ ਕਿ ਜਦੋਂ ਉਹ 11 ਸਾਲਾਂ ਦੀ ਸੀ ਤਾਂ ਗੁਆਂਢੀਆਂ ਨੇ ਉਸ ਦੀਆਂ ਚਾਰ ਭੈਣਾਂ ਨੂੰ ਮੰਜੇ ਹੇਠ ਲੁਕਾ ਕੇ ਬਚਾਇਆ ਸੀ। ਬਾਅਦ ਵਿੱਚ ਉਹ ਨਾਰੀ ਨਿਕੇਤਨ ਵਿੱਚ ਰਹੀਆਂ, ਜਿੱਥੇ ਐੱਚ.ਐੱਸ. ਫੂਲਕਾ ਨੇ ਉਨ੍ਹਾਂ ਨੂੰ ਲੱਭਿਆ ਅਤੇ ਅਦਾਲਤ ਰਾਹੀਂ ਉਨ੍ਹਾਂ ਦੇ ਨਾਨਾ ਨੂੰ ਕਸਟਡੀ ਦਿਵਾਈ। ਪਰਿਵਾਰ ਦੀ ਗੁਜ਼ਰ-ਬਸਰ ਲਈ ਸਤਪਾਲ ਕੌਰ ਨੂੰ ਘਰਾਂ ਵਿੱਚ ਭਾਂਡੇ ਮਾਂਜਣੇ ਪਏ ਅਤੇ ਇਸ ਦੇ ਬਾਵਜੂਦ ਉਸ ਨੂੰ ਨੌਕਰੀ ਤੇ ਪੈਨਸ਼ਨ ਦਾ ਲਾਭ ਨਹੀਂ ਮਿਲਿਆ।

ਇੱਕ ਹੋਰ ਪੀੜਤ ਨੇ ਸੇਵਾਮੁਕਤ ਕੈਪਟਨ ਘੁੰਮਣ ਸਿੰਘ ਚਾਹਲ ਦੀ ਹੱਤਿਆ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਚਾਰ ਜੰਗਾਂ ਲੜੀਆਂ ਸਨ। ਪੈਰਾਲਾਈਜ਼ਡ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਘਰ ਵਿੱਚ ਸਾੜ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਡਿਗਰੀਆਂ ਵੀ ਅੱਗ ਦੀ ਭੇਟ ਚੜ੍ਹ ਗਈਆਂ।

ਜਗਸ਼ੇਰ ਸਿੰਘ ਨੇ ਵੀ 18 ਸਾਲ ਦੀ ਉਮਰ ਵਿੱਚ ਪਾਲਮ ਵਿਖੇ ਹਿੰਸਾ ਦੇਖਣ, ਪੰਡਿਤ ਰਾਮ ਅਵਤਾਰ ਵੱਲੋਂ ਪਨਾਹ ਦੇਣ ਅਤੇ ਲੋਕਾਂ ਨੂੰ ਬਚਾਉਣ ਵਿੱਚ ਸਿੱਖ ਰੈਜੀਮੈਂਟ ਤੇ ਏਅਰਫੋਰਸ ਦੀ ਭੂਮਿਕਾ ਬਾਰੇ ਦੱਸਿਆ। ਉਨ੍ਹਾਂ ਸੀਬੀਆਈ ਜਾਂਚ ਅਤੇ ਅਦਾਲਤਾਂ ਵਿੱਚ ਗਵਾਹੀਆਂ ਦੇਣ ਦੌਰਾਨ ਆਈਆਂ ਮੁਸ਼ਕਲਾਂ ਵੀ ਸਾਂਝੀਆਂ ਕੀਤੀਆਂ।

ਸੰਮੇਲਨ ਦੌਰਾਨ ਪੀੜਤਾਂ ਨੇ ਮੰਗ ਕੀਤੀ ਕਿ 1984 ਦੇ ਕਤਲੇਆਮ ਨਾਲ ਜੁੜੇ ਸਾਰੇ ਮਾਮਲਿਆਂ ਵਿੱਚ ਨਿਆਂ ਯਕੀਨੀ ਬਣਾਇਆ ਜਾਵੇ ਅਤੇ ਦੋਸ਼ੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande