ਪੀਸੀਐੱਸ ਪ੍ਰੀਖਿਆ ਵਿੱਚ ਕਥਿਤ ਧਾਂਦਲੀ ਨੂੰ ਲੈ ਕੇ ਸੁਨੀਲ ਜਾਖੜ ਨੇ ‘ਆਪ’ ਸਰਕਾਰ ਨੂੰ ਘੇਰਿਆ
ਨੀਟ ਪੇਪਰ ਲੀਕ ਅਤੇ ਪੀਸੀਐੱਸ ਪ੍ਰੀਖਿਆ ਦੇ ਮਾਮਲੇ ਵਿੱਚ ਫ਼ਰਕ ਦੱਸੇ ਸਰਕਾਰ: ਜਾਖੜ ਸੀਬੀਆਈ ਜਾਂਚ, ਇੰਟਰਵਿਊ ਰੋਕਣ ਅਤੇ ਵਿਸ਼ਾਵਾਰ ਅੰਕ ਤੇ ਕੱਟਆਫ਼ ਜਨਤਕ ਕਰਨ ਦੀ ਮੰਗ ਚੰਡੀਗੜ੍ਹ, 05 ਨਵੰਬਰ (ਹਿੰ.ਸ.)| ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐੱਸਸੀ) ਵੱਲੋਂ ਕਰਵਾਈ ਗਈ ਪੀਸੀਐੱਸ ਮੁੱਖ ਪ੍ਰੀਖਿਆ ਦੇ ਨਤੀਜਿਆਂ
ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਸੰਬੋਧਨ ਕਰਦੇ ਹੋਏ


ਨੀਟ ਪੇਪਰ ਲੀਕ ਅਤੇ ਪੀਸੀਐੱਸ ਪ੍ਰੀਖਿਆ ਦੇ ਮਾਮਲੇ ਵਿੱਚ ਫ਼ਰਕ ਦੱਸੇ ਸਰਕਾਰ: ਜਾਖੜ ਸੀਬੀਆਈ ਜਾਂਚ, ਇੰਟਰਵਿਊ ਰੋਕਣ ਅਤੇ ਵਿਸ਼ਾਵਾਰ ਅੰਕ ਤੇ ਕੱਟਆਫ਼ ਜਨਤਕ ਕਰਨ ਦੀ ਮੰਗ

ਚੰਡੀਗੜ੍ਹ, 05 ਨਵੰਬਰ (ਹਿੰ.ਸ.)| ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐੱਸਸੀ) ਵੱਲੋਂ ਕਰਵਾਈ ਗਈ ਪੀਸੀਐੱਸ ਮੁੱਖ ਪ੍ਰੀਖਿਆ ਦੇ ਨਤੀਜਿਆਂ ਨੂੰ ਲੈ ਕੇ ਉੱਠ ਰਹੇ ਸਵਾਲਾਂ ਦਰਮਿਆਨ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਪੀਸੀਐੱਸ ਪ੍ਰੀਖਿਆ ਨੂੰ ਕਥਿਤ ਤੌਰ 'ਤੇ ਹਾਈਜੈਕ ਕੀਤੇ ਜਾਣ ਅਤੇ ਨੀਟ ਪੇਪਰ ਲੀਕ ਮਾਮਲੇ ਵਿੱਚ ਕੀ ਫ਼ਰਕ ਹੈ? ਉਨ੍ਹਾਂ ਇਸ ਪੂਰੇ ਮਾਮਲੇ ਦੀ ਸੀਬੀਆਈ ਤੋਂ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ।

ਸੁਨੀਲ ਜਾਖੜ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਇੱਕ ਤੋਂ ਬਾਅਦ ਇੱਕ ਭਰਤੀ ਪ੍ਰੀਖਿਆਵਾਂ ਵਿੱਚ ਬੇਨਿਯਮੀਆਂ ਦੇ ਦੋਸ਼ ਸਾਹਮਣੇ ਆ ਰਹੇ ਹਨ। ਨਾਇਬ ਤਹਿਸੀਲਦਾਰ ਭਰਤੀ ਅਤੇ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੀ ਪੈਰਾਮੈਡੀਕਲ ਭਰਤੀ ਪ੍ਰੀਖਿਆ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਪੀਸੀਐੱਸ ਪ੍ਰੀਖਿਆ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।

ਉਨ੍ਹਾਂ ਦਾਅਵਾ ਕੀਤਾ ਕਿ ਪੀਸੀਐੱਸ ਮੁੱਖ ਪ੍ਰੀਖਿਆ ਵਿੱਚ ਕੁਝ ਪ੍ਰੀਖਿਆ ਕੇਂਦਰਾਂ ਤੋਂ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਦੀ ਚੋਣ ਹੋਈ ਹੈ। ਉਨ੍ਹਾਂ ਅਨੁਸਾਰ ਲਗਾਤਾਰ ਤਿੰਨ-ਚਾਰ ਰੋਲ ਨੰਬਰਾਂ ਵਾਲੇ ਸਮੂਹਾਂ ਵਿੱਚੋਂ ਕੁੱਲ 86 ਉਮੀਦਵਾਰ ਸਫ਼ਲ ਹੋਏ ਹਨ। ਉਨ੍ਹਾਂ ਪੁੱਛਿਆ ਕਿ ਕੀ ਰੋਲ ਨੰਬਰ ਜਾਰੀ ਕਰਨ ਸਮੇਂ ਹੀ ਕੋਈ ਯੋਜਨਾਬੱਧ ਗੜਬੜੀ ਕੀਤੀ ਗਈ ਸੀ?

ਜਾਖੜ ਨੇ ਕਿਹਾ ਕਿ ਇਹ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਅਤੇ ਉਨ੍ਹਾਂ ਦੀ ਮਿਹਨਤ ਨਾਲ ਜੁੜਿਆ ਗੰਭੀਰ ਮਾਮਲਾ ਹੈ। ਉਨ੍ਹਾਂ ਮੰਗ ਕੀਤੀ ਕਿ ਜਾਂਚ ਮੁਕੰਮਲ ਹੋਣ ਤੱਕ ਪ੍ਰੀਖਿਆਰਥੀਆਂ ਦੀ ਮੰਗ ਅਨੁਸਾਰ ਇੰਟਰਵਿਊ ਦੀ ਪ੍ਰਕਿਰਿਆ ਰੋਕੀ ਜਾਵੇ ਅਤੇ ਸਾਰੇ ਉਮੀਦਵਾਰਾਂ ਦੇ ਵਿਸ਼ਾਵਾਰ ਅੰਕਾਂ ਤੇ ਕੱਟਆਫ਼ ਦਾ ਵੇਰਵਾ ਜਨਤਕ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਸੀਬੀਆਈ ਜਾਂਚ ਰਾਹੀਂ ਹੀ ਸਾਰੇ ਤੱਥ ਸਾਹਮਣੇ ਆ ਸਕਦੇ ਹਨ। ਜਾਖੜ ਨੇ ਤਿੱਖਾ ਸਵਾਲ ਕਰਦਿਆਂ ਕਿਹਾ ਕਿ ਸਰਕਾਰ ਆਪਣੇ ਆਪ ਨੂੰ 'ਕੱਟੜ ਇਮਾਨਦਾਰ' ਦੱਸਦੀ ਹੈ ਜਾਂ 'ਕੱਟੜ ਬੇਈਮਾਨ', ਇਸ ਦਾ ਫ਼ੈਸਲਾ ਪੰਜਾਬ ਦੇ ਨੌਜਵਾਨ ਕਰਨਗੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande