ਪੰਜਾਬ ਦੇ 1,000 ਕਾਲਜ ਵਿਦਿਆਰਥੀਆਂ ਨੂੰ ਯੂਪੀਐਸਸੀ ਅਤੇ ਪੀਸੀਐਸ ਦੀ ਮੁਫ਼ਤ ਆਨਲਾਈਨ ਕੋਚਿੰਗ ਦੇਵੇਗੀ ਸਰਕਾਰ
ਸਰਕਾਰੀ ਕਾਲਜਾਂ ਦੇ 750 ਅਤੇ ਪ੍ਰਾਈਵੇਟ ਕਾਲਜਾਂ ਦੇ 250 ਵਿਦਿਆਰਥੀਆਂ ਨੂੰ ਮਿਲੇਗਾ ਲਾਭ, ਲਾਈਵ ਕਲਾਸਾਂ, ਟੈਸਟ ਸੀਰੀਜ਼ ਅਤੇ ਵਿਅਕਤੀਗਤ ਮੈਂਟਰਸ਼ਿਪ ਦੀ ਵੀ ਹੋਵੇਗੀ ਸਹੂਲਤ ਚੰਡੀਗੜ੍ਹ, 05 ਨਵੰਬਰ (ਹਿੰ.ਸ.)| ਪੰਜਾਬ ਦੇ ਨੌਜਵਾਨਾਂ ਨੂੰ ਸਿਵਲ ਸੇਵਾਵਾਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵਧੇਰੇ ਮੌਕੇ ਪ੍
Chief Minister Bhagwant Singh Mann


ਸਰਕਾਰੀ ਕਾਲਜਾਂ ਦੇ 750 ਅਤੇ ਪ੍ਰਾਈਵੇਟ ਕਾਲਜਾਂ ਦੇ 250 ਵਿਦਿਆਰਥੀਆਂ ਨੂੰ ਮਿਲੇਗਾ ਲਾਭ, ਲਾਈਵ ਕਲਾਸਾਂ, ਟੈਸਟ ਸੀਰੀਜ਼ ਅਤੇ ਵਿਅਕਤੀਗਤ ਮੈਂਟਰਸ਼ਿਪ ਦੀ ਵੀ ਹੋਵੇਗੀ ਸਹੂਲਤ

ਚੰਡੀਗੜ੍ਹ, 05 ਨਵੰਬਰ (ਹਿੰ.ਸ.)| ਪੰਜਾਬ ਦੇ ਨੌਜਵਾਨਾਂ ਨੂੰ ਸਿਵਲ ਸੇਵਾਵਾਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵਧੇਰੇ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਦੇ 1,000 ਕਾਲਜ ਵਿਦਿਆਰਥੀਆਂ ਨੂੰ ਯੂਪੀਐੱਸਸੀ ਅਤੇ ਪੰਜਾਬ ਸਿਵਲ ਸੇਵਾਵਾਂ (ਪੀਸੀਐੱਸ) ਦੀਆਂ ਪ੍ਰੀਖਿਆਵਾਂ ਲਈ ਪੂਰੀ ਤਰ੍ਹਾਂ ਮੁਫ਼ਤ ਆਨਲਾਈਨ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। ਇਸ ਪ੍ਰੋਗਰਾਮ ਤਹਿਤ ਸਰਕਾਰੀ ਕਾਲਜਾਂ ਦੇ 750 ਅਤੇ ਪ੍ਰਾਈਵੇਟ ਕਾਲਜਾਂ ਦੇ 250 ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ।

ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸ਼ੁਰੂ ਕੀਤੀ ਜਾ ਰਹੀ ਇਸ ਪਹਿਲਕਦਮੀ ਦਾ ਮਕਸਦ ਆਰਥਿਕ ਤੌਰ 'ਤੇ ਕਮਜ਼ੋਰ ਅਤੇ ਪੇਂਡੂ ਖੇਤਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਦੀ ਮਿਆਰੀ ਤਿਆਰੀ ਦਾ ਮੌਕਾ ਦੇਣਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਕਿਸੇ ਵੀ ਨੌਜਵਾਨ ਦਾ ਸੁਪਨਾ ਸਿਰਫ਼ ਇਸ ਲਈ ਅਧੂਰਾ ਨਹੀਂ ਰਹਿਣਾ ਚਾਹੀਦਾ ਕਿ ਉਸ ਦਾ ਪਰਿਵਾਰ ਮਹਿੰਗੀ ਕੋਚਿੰਗ ਦਾ ਖ਼ਰਚਾ ਨਹੀਂ ਚੁੱਕ ਸਕਦਾ ਜਾਂ ਉਹ ਕਿਸੇ ਵੱਡੇ ਕੋਚਿੰਗ ਸੈਂਟਰ ਤੋਂ ਦੂਰ ਰਹਿੰਦਾ ਹੈ। ਸਰਕਾਰ ਚਾਹੁੰਦੀ ਹੈ ਕਿ ਹਰ ਨੌਜਵਾਨ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਅੱਗੇ ਵਧਣ ਦੇ ਬਰਾਬਰ ਮੌਕੇ ਮਿਲਣ।

ਉਨ੍ਹਾਂ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਦਾ ਉਦੇਸ਼ ਸਿਰਫ਼ ਸਕੂਲਾਂ ਅਤੇ ਕਾਲਜਾਂ ਦੀ ਸਿੱਖਿਆ ਵਿੱਚ ਸੁਧਾਰ ਕਰਨਾ ਨਹੀਂ, ਸਗੋਂ ਨੌਜਵਾਨਾਂ ਦੇ ਭਵਿੱਖ ਨੂੰ ਬਿਹਤਰ ਬਣਾਉਣਾ ਵੀ ਹੈ।

ਇਸ ਪ੍ਰੋਗਰਾਮ ਅਧੀਨ ਚੁਣੇ ਗਏ ਵਿਦਿਆਰਥੀਆਂ ਨੂੰ ਸਿਰਫ਼ ਆਨਲਾਈਨ ਕਲਾਸਾਂ ਹੀ ਨਹੀਂ, ਸਗੋਂ ਪੂਰੀ ਤਿਆਰੀ ਲਈ ਵਿਆਪਕ ਅਕਾਦਮਿਕ ਸਹਾਇਤਾ ਦਿੱਤੀ ਜਾਵੇਗੀ। ਇਸ ਵਿੱਚ ਲਾਈਵ ਅਤੇ ਰਿਕਾਰਡ ਕੀਤੇ ਲੈਕਚਰ, ਅਧਿਐਨ ਸਮੱਗਰੀ, ਮਿਆਰੀ ਟੈਸਟ ਸੀਰੀਜ਼, ਉੱਤਰ ਲਿਖਣ ਦਾ ਅਭਿਆਸ, ਉੱਤਰਾਂ ਦਾ ਮੁਲਾਂਕਣ, ਵਿਅਕਤੀਗਤ ਮੈਂਟਰਸ਼ਿਪ, ਸ਼ੰਕਿਆਂ ਦਾ ਨਿਵਾਰਨ ਅਤੇ ਇੰਟਰਵਿਊ ਦੀ ਤਿਆਰੀ ਸ਼ਾਮਲ ਹੋਵੇਗੀ।

ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਰਕਾਰ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਵਿਦਿਆਰਥੀ ਦੀ ਤਰੱਕੀ ਉਸ ਦੇ ਪਰਿਵਾਰ ਦੀ ਆਰਥਿਕ ਸਥਿਤੀ ਕਾਰਨ ਪ੍ਰਭਾਵਿਤ ਨਾ ਹੋਵੇ। ਪਿੰਡਾਂ ਅਤੇ ਛੋਟੇ ਕਸਬਿਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਵੀ ਵੱਡੇ ਕੋਚਿੰਗ ਕੇਂਦਰਾਂ ਵਰਗੀ ਤਿਆਰੀ ਅਤੇ ਮਾਰਗਦਰਸ਼ਨ ਮਿਲੇਗਾ।

ਸਰਕਾਰ ਵੱਲੋਂ ਪਹਿਲਾਂ ਹੀ ਪੰਜਾਬ ਅਕੈਡਮਿਕ ਕੋਚਿੰਗ ਫਾਰ ਐਕਸੀਲੈਂਸ ਪ੍ਰੋਗਰਾਮ ਤਹਿਤ ਫਿਜ਼ਿਕਸ ਵਾਲਾ ਅਤੇ ਅਵੰਤੀ ਨਾਲ ਸਾਂਝੇਦਾਰੀ ਕਰਕੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਦਿੱਤੀ ਜਾ ਰਹੀ ਹੈ। ਇਸ ਪ੍ਰੋਗਰਾਮ ਵਿੱਚ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਕੁੱਲ 58,614 ਵਿਦਿਆਰਥੀ ਦਾਖਲ ਹਨ।

ਇਨ੍ਹਾਂ ਵਿੱਚੋਂ 29,129 ਵਿਦਿਆਰਥੀ ਜੇਈਈ ਅਤੇ 22,096 ਵਿਦਿਆਰਥੀ ਨੀਟ ਦੀ ਤਿਆਰੀ ਕਰ ਰਹੇ ਹਨ। ਇਸ ਤੋਂ ਇਲਾਵਾ 9ਵੀਂ ਜਮਾਤ ਦੇ 3,110 ਅਤੇ 10ਵੀਂ ਜਮਾਤ ਦੇ 4,279 ਵਿਦਿਆਰਥੀ ਫਾਊਂਡੇਸ਼ਨ ਕੋਚਿੰਗ ਲੈ ਰਹੇ ਹਨ।

ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਾਲ 2026 ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ 361 ਵਿਦਿਆਰਥੀਆਂ ਨੇ ਜੇਈਈ ਮੇਨ, 64 ਵਿਦਿਆਰਥੀਆਂ ਨੇ ਜੇਈਈ ਐਡਵਾਂਸਡ ਅਤੇ 882 ਵਿਦਿਆਰਥੀਆਂ ਨੇ ਨੀਟ-ਯੂਜੀ ਦੀ ਪ੍ਰੀਖਿਆ ਪਾਸ ਕੀਤੀ ਹੈ।

ਨੀਟ ਪਾਸ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ ਸਾਲ 2024 ਵਿੱਚ 437 ਸੀ, ਜੋ 2025 ਵਿੱਚ ਵਧ ਕੇ 847 ਅਤੇ 2026 ਵਿੱਚ 882 ਹੋ ਗਈ। ਸਰਕਾਰ ਅਨੁਸਾਰ ਨਵੀਂ ਮੁਫ਼ਤ ਕੋਚਿੰਗ ਪਹਿਲਕਦਮੀ ਰਾਹੀਂ ਉੱਚ ਸਿਵਲ ਸੇਵਾਵਾਂ ਵਿੱਚ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਵੀ ਬਿਹਤਰ ਮਾਰਗਦਰਸ਼ਨ ਅਤੇ ਤਿਆਰੀ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande