
ਤਰਨਤਾਰਨ, 07 ਨਵੰਬਰ (ਹਿੰ.ਸ.)| ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਕੈਦੀਆਂ ਕੋਲੋਂ ਮੋਬਾਈਲ ਫੋਨ, ਤੰਬਾਕੂ, ਬੀੜੀਆਂ, ਸਿਗਰਟਾਂ, ਸ਼ਰਾਬ ਅਤੇ 3.8 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਕੈਦੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀਐੱਸਪੀ ਗੋਇੰਦਵਾਲ ਹਰਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਵਿੱਚ ਤਲਾਸ਼ੀ ਦੌਰਾਨ ਇਹ ਪਾਬੰਦੀਸ਼ੁਦਾ ਸਾਮਾਨ ਬਰਾਮਦ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਜਸਕਰਨ ਸਿੰਘ ਅਤੇ ਪ੍ਰਿਤਪਾਲ ਸਿੰਘ ਵਾਸੀ ਖਡੂਰ ਸਾਹਿਬ ਅਤੇ ਗੁਰਜਿੰਦਰ ਸਿੰਘ ਵਾਸੀ ਗੁਰਦਾਸਪੁਰ ਵਜੋਂ ਹੋਈ ਹੈ।
ਤਲਾਸ਼ੀ ਦੌਰਾਨ ਇੱਕ ਟੱਚ ਸਕਰੀਨ ਮੋਬਾਈਲ ਫੋਨ, ਕੂਲ ਲਿਪ ਦੀਆਂ 2 ਪੁੜੀਆਂ, ਤੰਬਾਕੂ ਦੀਆਂ 16 ਪੁੜੀਆਂ, ਬੀੜੀਆਂ ਦੇ 9 ਬੰਡਲ, ਸ਼ਰਾਬ ਦੀਆਂ 300 ਐੱਮਐੱਲ ਵਾਲੀਆਂ 16 ਛੋਟੀਆਂ ਬੋਤਲਾਂ, ਸਿਗਰਟਾਂ ਦੇ 5 ਬੰਡਲ ਅਤੇ 3.8 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਬਰਾਮਦ ਕੀਤੇ ਗਏ ਸਾਰੇ ਸਾਮਾਨ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਡੀਐੱਸਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਤਿੰਨਾਂ ਕੈਦੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਜੇਲ੍ਹ ਅੰਦਰ ਪਾਬੰਦੀਸ਼ੁਦਾ ਸਾਮਾਨ ਕਿਵੇਂ ਪਹੁੰਚਿਆ। ਪੁਲਿਸ ਵੱਲੋਂ ਮਾਮਲੇ ਦੇ ਹੋਰ ਪਹਿਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH