
31 ਜਨਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗੀ ਸੰਪੂਰਨਤਾ, 12 ਦਿਨਾਂ ਦੌਰਾਨ ਉੱਤਰ ਪ੍ਰਦੇਸ਼, ਦਿੱਲੀ ਅਤੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਲੰਘੇਗਾ ਨਗਰ ਕੀਰਤਨ
ਅੰਮ੍ਰਿਤਸਰ, 08 ਨਵੰਬਰ (ਹਿੰ.ਸ.)| ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ 20 ਜਨਵਰੀ 2027 ਨੂੰ ਉਨ੍ਹਾਂ ਦੇ ਜਨਮ ਅਸਥਾਨ ਕਾਂਸ਼ੀ (ਵਾਰਾਣਸੀ) ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਇਹ ਨਗਰ ਕੀਰਤਨ ਵੱਖ-ਵੱਖ ਸ਼ਹਿਰਾਂ ਵਿੱਚੋਂ ਹੁੰਦਾ ਹੋਇਆ 31 ਜਨਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਫਰਵਰੀ 2027 ਵਿੱਚ ਮਨਾਈ ਜਾ ਰਹੀ ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਦੇ ਸਮਾਗਮਾਂ ਦੀ ਲੜੀ ਤਹਿਤ ਇਹ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 20 ਜਨਵਰੀ ਨੂੰ ਕਾਂਸ਼ੀ (ਵਾਰਾਣਸੀ) ਤੋਂ ਆਰੰਭ ਹੋਣ ਵਾਲੇ ਨਗਰ ਕੀਰਤਨ ਦਾ ਪਹਿਲਾ ਰਾਤ ਦਾ ਪੜਾਅ ਪ੍ਰਯਾਗਰਾਜ (ਇਲਾਹਾਬਾਦ) ਵਿਖੇ ਹੋਵੇਗਾ।
ਉਨ੍ਹਾਂ ਦੱਸਿਆ ਕਿ 21 ਜਨਵਰੀ ਨੂੰ ਨਗਰ ਕੀਰਤਨ ਪ੍ਰਯਾਗਰਾਜ ਤੋਂ ਰਾਇਬਰੇਲੀ, 22 ਜਨਵਰੀ ਨੂੰ ਰਾਇਬਰੇਲੀ ਤੋਂ ਲਖਨਊ, 23 ਜਨਵਰੀ ਨੂੰ ਲਖਨਊ ਤੋਂ ਕਾਨਪੁਰ ਅਤੇ 24 ਜਨਵਰੀ ਨੂੰ ਕਾਨਪੁਰ ਤੋਂ ਅਲੀਗੜ੍ਹ ਪਹੁੰਚੇਗਾ। ਇਸੇ ਤਰ੍ਹਾਂ 25 ਜਨਵਰੀ ਨੂੰ ਅਲੀਗੜ੍ਹ ਤੋਂ ਗੁਰਦੁਆਰਾ ਗੁਰੂ ਕਾ ਤਾਲ, ਆਗਰਾ ਅਤੇ 26 ਜਨਵਰੀ ਨੂੰ ਆਗਰਾ ਤੋਂ ਦਿੱਲੀ ਪਹੁੰਚੇਗਾ। 27 ਜਨਵਰੀ ਨੂੰ ਨਗਰ ਕੀਰਤਨ ਦਾ ਠਹਿਰਾਅ ਦਿੱਲੀ ਵਿਖੇ ਰਹੇਗਾ।
ਇਸ ਤੋਂ ਬਾਅਦ 28 ਜਨਵਰੀ ਨੂੰ ਦਿੱਲੀ ਤੋਂ ਕਰਨਾਲ, 29 ਜਨਵਰੀ ਨੂੰ ਕਰਨਾਲ ਤੋਂ ਅੰਬਾਲਾ ਅਤੇ 30 ਜਨਵਰੀ ਨੂੰ ਅੰਬਾਲਾ ਤੋਂ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਪਹੁੰਚੇਗਾ। ਅੰਤਿਮ ਪੜਾਅ ਤਹਿਤ 31 ਜਨਵਰੀ ਨੂੰ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਤੋਂ ਚੱਲ ਕੇ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇਗਾ।
ਭਾਈ ਮਹਿਤਾ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਇਤਿਹਾਸਕ ਅਤੇ ਧਾਰਮਿਕ ਮੌਕੇ 'ਤੇ ਆਪਣੇ ਪਰਿਵਾਰਾਂ ਸਮੇਤ ਨਗਰ ਕੀਰਤਨ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਭਗਤ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ।
ਹਿੰਦੂਸਥਾਨ ਸਮਾਚਾਰ / GURSHARAN SINGH