
ਖਡੂਰ ਸਾਹਿਬ, 12 ਫਰਵਰੀ (ਹਿੰ.ਸ.)। ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਡਾ. ਗੁਰਜੀਤ ਸਿੰਘ ਬਰਾੜ ਦੇ ਹੁਕਮਾਂ ਤਹਿਤ ਕਿਸਾਨਾਂ ਨੂੰ ਪੀਲੀ ਕੁੰਗੀ ਤੋਂ ਬਚਾਅ ਅਤੇ ਗਰਮ ਰੁੱਤ ਦੀਆਂ ਦਾਲਾਂ ਮੂੰਗੀ ਅਤੇ ਮਾਂਹ ਦੀ ਕਾਸ਼ਤ ਕਰਨ ਸਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਜ਼ਿਲ੍ਹਾ ਤਰਨ ਤਾਰਨ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਤੇਜਬੀਰ ਸਿੰਘ ਭੰਗੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਖਡੂਰ ਸਾਹਿਬ ਦੇ ਖੇਤੀਬਾੜੀ ਅਫਸਰ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਦੀਆਂ ਵੱਖ-ਵੱਖ ਟੀਮਾਂ ਵੱਲੋਂ ਪਿੰਡਾਂ ਦੇ ਦੌਰੇ ਕੀਤੇ ਜਾ ਰਹੇ ਹਨ।
ਇਸੇ ਸਬੰਧੀ ਡਾ. ਯਾਦਵਿੰਦਰ ਸਿੰਘ ਨੇ ਭਰੋਵਾਲ ਦੇ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੂੰ ਪੀਲੀ ਕੁੰਗੀ, ਜਿਪਸਮ ਅਤੇ ਖੇਤੀਬਾੜੀ ਮਹਿਕਮੇ ਦੀਆਂ ਹੋਰ ਸਕੀਮਾਂ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਕਣਕ ‘ਤੇ ਪੀਲੀ ਕੁੰਗੀ ਬਿਮਾਰੀ ਦੇ ਲੱਛਣਾਂ, ਇਸ ਬਿਮਾਰੀ ਦੇ ਅਨੁਕੂਲ ਮੌਸਮ ਅਤੇ ਬਿਮਾਰੀ ਦੀ ਸੁਚੱਜੀ ਰੋਕਥਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਕਣਕ ਦੇ ਪੱਤਿਆਂ ‘ਤੇ ਪੀਲੇ ਧੱਬੇ ਲੰਮੀਆਂ ਧਾਰੀਆਂ ਦੇ ਰੂਪ ਵਿੱਚ ਦਿਖਾਈ ਦੇਣ ਤੇ ਇਨ੍ਹਾਂ ਧਾਰੀਆਂ ‘ਤੇ ਪੀਲਾ (ਹਲਦੀ ਵਰਗਾ) ਧੂੜਾ ਨਜ਼ਰ ਆਵੇ, ਤਾਂ ਸਮਝੋ ਕਿ ਇਹ ਪੀਲੀ ਕੁੰਗੀ ਦਾ ਹਮਲਾ ਹੋਇਆ ਹੈ।
ਡਾ. ਯਾਦਵਿੰਦਰ ਸਿੰਘ ਨੇ ਕਿਸਾਨਾਂ ਨੂੰ ਇਸ ਬਿਮਾਰੀ ਦੇ ਹਮਲੇ ਲਈ ਅਨੁਕੂਲ ਮੌਸਮ ਬਾਰੇ ਦੱਸਿਆ ਕਿ ਜਦੋਂ ਰਾਤ ਦਾ ਤਾਪਮਾਨ 7-13 ਡਿਗਰੀ ਸੈਲਸੀਅਸ ਅਤੇ ਦਿਨ ਦਾ ਤਾਪਮਾਨ 15-24 ਡਿਗਰੀ ਸੈਲਸੀਅਸ ਦੇ ਦਰਮਿਆਨ ਹੋਵੇ ਅਤੇ ਹਵਾ ਵਿੱਚ ਨਮੀ 85 ਤੋਂ 100 ਫੀਸਦੀ ਤੱਕ ਹੋਵੇ, ਤਾਂ ਇਸ ਬਿਮਾਰੀ ਦੇ ਆਉਣ ਦਾ ਖਦਸ਼ਾ ਬਣ ਜਾਂਦਾ ਹੈ। ਜੇਕਰ ਫਰਵਰੀ-ਮਾਰਚ ਮਹੀਨੇ ਦੌਰਾਨ ਤੇਜ਼ ਹਵਾਵਾਂ ਨਾਲ ਮੀਂਹ ਪੈਂਦਾ ਹੈ, ਤਾਂ ਬਿਮਾਰੀ ’ਚ ਬੜੀ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ। ਡਾ. ਯਾਦਵਿੰਦਰ ਸਿੰਘ ਨੇ ਬਿਮਾਰੀ ਆਉਣ ‘ਤੇ ਰੋਕਥਾਮ ਲਈ ਦੱਸਿਆ ਕਿ 200 ਗ੍ਰਾਮ ਟੈਬੂਕੋ-ਨਾਜ਼ੋਲ 25 ਡਬਲਯੂ ਜੀ ਜਾਂ 120 ਗ੍ਰਾਮ ਟ੍ਰਾਈਫਲੋ ਕਸੀਸ-ਟ੍ਰੋਬਿਨ +ਟੈਬੂਕੋਨਾਜ਼ੋਲ 200 ਮਿਲੀ ਲੀਟਰ ਸਾਇਪਰਾ-ਕੋਨਾਜ਼ੋਲ ਜਾਂ 200 ਮਿਲੀ ਲੀਟਰ ਪਾਈਰੈਕ ਲੋਸਟ-ਰੋਬਿਨ +ਇਪੋਕਸੀ-ਕੋਨਾਜ਼ੋਲ ਜਾਂ 200 ਮਿਲੀ ਲੀਟਰ ਐਜ਼ੋਕਸੀ-ਸਟਰੋਬਿਨ+ ਟੈਬੂਕੋ-ਨਾਜ਼ੋਲ ਜਾਂ 200 ਮਿਲੀ ਲੀਟਰ ਪ੍ਰੋਪੀ-ਕੋਨਾਜ਼ੋਲ ਨੂੰ 200 ਮਿਲੀ ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਸਪਰੇਅ ਕਰਨੀ ਚਾਹੀਦੀ ਹੈ।
ਡਾ.ਯਾਦਵਿੰਦਰ ਸਿੰਘ ਨੇ ਕਿਸਾਨਾਂ ਨੂੰ ਆਪਣੇ ਖੇਤਾਂ ਦਾ ਲਗਾਤਾਰ ਨਿਰੀਖਣ ਕਰਦੇ ਰਹਿਣ ਲਈ ਅਪੀਲ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੂੰਗੀ ਅਤੇ ਮਾਂਹ ਦੀ ਕਾਸ਼ਤ ਕਰਕੇ ਦਾਲਾਂ ਹੇਠ ਰਕਬਾ ਵਧਾਉਣ। ਦਾਲਾਂ ਦੀ ਕਾਸ਼ਤ ਕਰਨ ਦੇ ਨਾਲ ਸਾਡਾ ਫ਼ਸਲੀ ਚੱਕਰ ਬਦਲੇਗਾ ਅਤੇ ਜਮੀਨ ਦੀ ਉਪਜਾਊ ਸ਼ਕਤੀ ਵੀ ਵਧੇਗੀ। ਕਿਸਾਨ ਕਣਕ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਮੂੰਗੀ ਦੀ ਫ਼ਸਲ ਨੂੰ ਤਰਜੀਹ ਦੇਣ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਵੱਲੋਂ ਚਲਾਈ ਜਾਂਦੇ ਵਟਸਐਪ ਗਰੁੱਪ ''ਕਿਸਾਨ ਮਿੱਤਰ ਵਿੱਚ ਸ਼ਾਮਿਲ ਹੋਣ ਲਈ ਡਾ. ਯਾਦਵਿੰਦਰ ਸਿੰਘ ਮੋਬਾਈਲ ਨੰਬਰ 90415-00307 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ