
ਜਲੰਧਰ, 12 ਫਰਵਰੀ (ਹਿੰ.ਸ.)। ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਅਤੇ ਭਾਰਤ ਦੇ ਸਾਬਕਾ ਕ੍ਰਿਕਟਰਹਰਭਜਨ ਸਿੰਘ ਨੇ ਜਲੰਧਰ ਦੇ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡਿਯਮ ਵਿੱਚ ਸੋਲਰ ਪਾਵਰ ਪਲਾਂਟ ਲਗਾਉਣ ਲਈ ਆਪਣੇ ਐਮਪੀ ਫੰਡ ਤੋਂ 13.48 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਹੈ।
ਸੋਲਰ ਪਾਵਰ ਪ੍ਰੋਜੈਕਟ ਦਾ ਪ੍ਰਸਤਾਵ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਲੋਕ ਨਿਰਮਾਣ ਵਿਭਾਗ ਦੇ ਅਨੁਮਾਨ ਦੇ ਨਾਲ ਭੇਜਿਆ ਗਿਆ ਸੀ। ਪੰਜਾਬ ਵਿੱਚ ਖੇਡਾਂ ਦੇ ਵਿਕਾਸ ਲਈ ਲਗਾਤਾਰ ਸਹਿਯੋਗ ਦੇਣ ਵਾਲੇਸਾਂਸਦ ਹਰਭਜਨ ਸਿੰਘਨੇ ਇਸ ਪ੍ਰੋਜੈਕਟ ਨੂੰ ਤੁਰੰਤ ਮਨਜ਼ੂਰੀ ਦੇ ਦਿੱਤੀ। ਇਹ ਪਹਿਲੀ ਵਾਰ ਨਹੀਂ ਹੈ ਕਿ ਸਾਂਸਦ ਵੱਲੋਂ ਐਸੋਸੀਏਸ਼ਨ ਨੂੰ ਆਰਥਿਕ ਮਦਦ ਦਿੱਤੀ ਗਈ ਹੋਵੇ। ਸਾਲ 2023 ਵਿੱਚ ਉਨ੍ਹਾਂ ਨੇ ਇਸੇ ਸਟੇਡਿਯਮ ਵਿੱਚ ਜਿਮ ਦੇ ਲਈ 16.50 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੇ ਕਿਹਾ ਕਿ ਹਰਭਜਨ ਸਿੰਘ ਨਾਲ ਮੁਲਾਕਾਤ ਹਮੇਸ਼ਾ ਵਧੀਆ ਹੁੰਦੀ ਹੈ। ਉਨ੍ਹਾਂ ਦੱਸਿਆ ਕਿ 2023 ਵਿੱਚ ਸਾਂਸਦ ਨੇ ਸਟੇਡਿਯਮ ਦੇ ਜਿਮ ਲਈ ਸਹਿਯੋਗ ਦਿੱਤਾ ਸੀ ਅਤੇ ਉਸ ਵੇਲੇ ਵੀ ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਵੀ ਲੋੜ ਹੋਵੇ, ਸੰਪਰਕ ਕਰ ਲੈਣਾ। ਖੰਨਾ ਨੇ ਕਿਹਾ ਕਿ ਹਰਭਜਨ ਸਿੰਘ ਦਾ ਇਸ ਸਟੇਡਿਯਮ ਨਾਲ ਖਾਸ ਲਗਾਵ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਇੱਥੇ ਬੈਡਮਿੰਟਨ ਖੇਡੀ ਅਤੇ ਟ੍ਰੇਨਿੰਗ ਕਿੱਤੀ ਸੀ। ਸਾਂਸਦ ਨੇ ਇਹ ਭਰੋਸਾ ਵੀ ਦਿੱਤਾ ਹੈ ਕਿ ਅਗਲੀ ਵਾਰ ਸ਼ਹਿਰ ਆਉਣ ‘ਤੇ ਉਹ ਸਟੇਡਿਯਮ ਦਾ ਦੌਰਾ ਕਰਨਗੇ।
ਰਿਤਿਨ ਖੰਨਾ ਨੇ ਗ੍ਰਾਂਟ ਮਨਜ਼ੂਰ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੁ ਅਗਰਵਾਲ ਅਤੇ ਅਮਰਜੀਤ ਸਿੰਘ ਦਾ ਧੰਨਵਾਦ ਕੀਤਾ।
ਖੰਨਾ ਨੇ ਕਿਹਾ, “ਸੋਲਰ ਪਾਵਰ ਪਲਾਂਟ ਲੱਗਣ ਨਾਲ ਬਿਜਲੀ ਦੇ ਖਰਚ ਵਿੱਚ ਕਮੀ ਆਵੇਗੀ। ਬਚਤ ਹੋਣ ਵਾਲੀ ਰਕਮ ਖਿਡਾਰੀਆਂ ਦੇ ਵਿਕਾਸ ਅਤੇ ਟ੍ਰੇਨਿੰਗ ‘ਤੇ ਖਰਚ ਕੀਤੀ ਜਾਵੇਗੀ, ਜਿਸ ਨਾਲ ਨਵੇਂ ਅਤੇ ਉਭਰਦੇ ਖਿਡਾਰੀਆਂ ਨੂੰ ਵਧੀਆ ਸੁਵਿਧਾਵਾਂ ਮਿਲਣਗੀਆਂ।”
ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡਿਯਮ ਦਾ ਪ੍ਰਬੰਧਨ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਕੀਤਾ ਜਾਂਦਾ ਹੈ, ਜਿਸ ਦੀ ਅਗਵਾਈ ਜਲੰਧਰ ਦੇ ਡਿਪਟੀ ਕਮਿਸ਼ਨਰ ਕਰਦੇ ਹਨ। ਸਾਲ 1963 ਵਿੱਚ ਸਥਾਪਤ ਅਤੇ ਸਵਰਗਵਾਸੀ ਰਾਇਜ਼ਾਦਾ ਹੰਸਰਾਜ ਸੋਂਧੀ ਦੇ ਨਾਮ ‘ਤੇ ਬਣਿਆ ਇਹ ਸਟੇਡਿਯਮ ਉੱਤਰ ਭਾਰਤ ਦੇ ਸਭ ਤੋਂ ਪੁਰਾਣੇ ਅਤੇ ਪ੍ਰਸਿੱਧ ਬੈਡਮਿੰਟਨ ਸਟੇਡਿਯਮਾਂ ਵਿੱਚ ਸ਼ਾਮਲ ਹੈ। ਸਾਲ 2019 ਤੋਂ ਐਸੋਸੀਏਸ਼ਨ ਦੀ ਅੰਤਰਿਮ ਕਮੇਟੀ ਸਟੇਡਿਯਮ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। 1 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ ਸਟੇਡਿਯਮ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ ਅਤੇ ਹੁਣ ਇਹ ਉੱਚ ਪੱਧਰੀ ਬੈਡਮਿੰਟਨ ਮੁਕਾਬਲਿਆਂ ਦਾ ਕੇਂਦਰ ਬਣ ਚੁੱਕਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ