ਪਟਿਆਲਾ: ਜੰਗੀ ਯਾਦਗਾਰ ਸੈਨੋਟਾਫ਼ 'ਤੇ ਫ਼ੌਜੀ ਅਧਿਕਾਰੀਆਂ ਤੇ ਡੀ.ਸੀ. ਵੱਲੋਂ ਸ਼ਰਧਾਂਜਲੀਆਂ
ਪਟਿਆਲਾ, 12 ਫਰਵਰੀ (ਹਿੰ.ਸ.)। ਪਟਿਆਲਾ ਦੇ ਚੌਥੇ ਮਿਲਟਰੀ ਲਿਟਰੇਚਰ ਫੈਸਟੀਵਲ ਦੀ ਸ਼ੁਰੂਆਤ ਮੌਕੇ ਅੱਜ ਸਵੇਰੇ ਇੱਥੇ ਵਾਈ.ਪੀ.ਐਸ. ਚੌਂਕ ਵਿਖੇ ਪਟਿਆਲਾ ਰਾਜ ਬਲ ਅਤੇ ਬਲੈਕ ਐਲੀਫੈਂਟ ਜੰਗੀ ਯਾਦਗਾਰ ਸਮਾਰਕ ਵਿਖੇ ਵੱਖ-ਵੱਖ ਜੰਗਾਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਵਾਈ.ਪੀ.ਐਸ. ਸਕੂਲ ਤੋ
ਵਾਈ.ਪੀ.ਐਸ. ਚੌਂਕ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਲੈਫ਼. ਜਨ. ਚੇਤਿੰਦਰ ਸਿੰਘ, ਬ੍ਰਿਗੇਡੀਅਰ ਅਦਵਿੱਤਿਆ ਮਦਾਨ, ਬ੍ਰਿਗੇਡੀਅਰ ਪਿਯੂਸ਼ ਬਬਰਵਾਲ, ਡੀ.ਸੀ ਵਰਜੀਤ ਵਾਲੀਆ।


ਪਟਿਆਲਾ, 12 ਫਰਵਰੀ (ਹਿੰ.ਸ.)। ਪਟਿਆਲਾ ਦੇ ਚੌਥੇ ਮਿਲਟਰੀ ਲਿਟਰੇਚਰ ਫੈਸਟੀਵਲ ਦੀ ਸ਼ੁਰੂਆਤ ਮੌਕੇ ਅੱਜ ਸਵੇਰੇ ਇੱਥੇ ਵਾਈ.ਪੀ.ਐਸ. ਚੌਂਕ ਵਿਖੇ ਪਟਿਆਲਾ ਰਾਜ ਬਲ ਅਤੇ ਬਲੈਕ ਐਲੀਫੈਂਟ ਜੰਗੀ ਯਾਦਗਾਰ ਸਮਾਰਕ ਵਿਖੇ ਵੱਖ-ਵੱਖ ਜੰਗਾਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਵਾਈ.ਪੀ.ਐਸ. ਸਕੂਲ ਤੋਂ ਸ਼ੁਰੂ ਕਰਵਾਈ ਗਈ ਬ੍ਰੇਵ ਹਾਰਟ ਮੋਟਰਸਾਈਕਲ ਰੈਲੀ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਤ, ਨਸ਼ਾ ਰਹਿਤ ਤੇ ਉਤਸ਼ਾਹ ਭਰਪੂਰ ਜਿੰਦਗੀ ਜਿਉਣ ਦਾ ਸੁਨੇਹਾ ਦਿੱਤਾ।

ਇਸ ਮੌਕੇ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਵਾਈਸ ਚੇਅਰਮੈਨ ਲੈਫ.ਜਨ (ਰਿਟਾ.) ਚੇਤਿੰਦਰ ਸਿੰਘ, ਬ੍ਰਿਗੇਡੀਅਰ ਅਵਦਿੱਤਿਆ ਮਦਾਨ, ਭਾਰਤੀ ਸੈਨਾ ਦੀ 98 ਆਰਮਡ ਬ੍ਰਿਗੇਡ ਦੇ ਕਮਾਂਡਰ ਬ੍ਰਿਗੇਡੀਅਰ ਪਿਯੂਸ਼ ਬੱਬਰਵਾਲ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਏ.ਡੀ.ਸੀ. (ਯੂ.ਡੀ.) ਡਾ. ਇਸਮਤ ਵਿਜੇ ਸਿੰਘ, ਆਰ.ਟੀ.ਓ. ਬਬਨਦੀਪ ਸਿੰਘ ਵਾਲੀਆ ਸਮੇਤ ਹੋਰਨਾਂ ਨੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।

ਇਸ ਤੋਂ ਬਾਅਦ ਵਾਈ.ਪੀ.ਐਸ. ਸਕੂਲ ਵਿਖੇ ਇਕੱਠੇ ਹੋਏ 100 ਦੇ ਕਰੀਬ ਵੱਖ-ਵੱਖ ਮੋਟਰਸਾਈਕਲ ਸਵਾਰਾਂ ਦੀ ਬ੍ਰੇਵ ਹਾਰਟ ਮੋਟਰਸਾਈਕਲ ਰੈਲੀ ਨੂੰ ਲੈਫ.ਜਨ (ਰਿਟਾ.) ਚੇਤਿੰਦਰ ਸਿੰਘ, ਬ੍ਰਿਗੇਡੀਅਰ ਅਵਦਿੱਤਿਆ ਮਦਾਨ, ਬ੍ਰਿਗੇਡੀਅਰ ਪਿਯੂਸ਼ ਬੱਬਰਵਾਲ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਵਾਈ.ਪੀ.ਐਸ. ਸਕੂਲ ਦੇ ਹੈਡਮਾਸਟਰ ਨਵੀਨ ਕੁਮਾਰ ਦੀਕਸ਼ਿਤ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ। ਇਹ ਰੈਲੀ ਪਟਿਆਲਾ ਸ਼ਹਿਰ ਵਿਖੇ ਕਰੀਬ 26 ਕਿਲੋਮੀਟਰ ਦਾ ਚੱਕਰ ਪੂਰਾ ਕਰਕੇ ਖ਼ਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਵਾਲੇ ਸਥਾਨ 'ਤੇ ਸਮਾਪਤ ਹੋਈ।

ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ, ਭਾਰਤੀ ਫ਼ੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈ ਗਈ ਇਹ ਬ੍ਰੇਵ ਹਾਰਟ ਮੋਟਰਸਾਈਕਲ ਰਾਈਡ ਰੈਲੀ ਦਾ ਉਦੇਸ਼ ਜਿੱਥੇ ਦੇਸ਼ ਦੀ ਆਜ਼ਾਦੀ ਤੋਂ ਹੁਣ ਤੱਕ ਦੇ ਇਤਿਹਾਸ 'ਚ ਸ਼ਹੀਦ ਹੋਏ ਫ਼ੌਜੀਆਂ ਨੂੰ ਸ਼ਰਧਾਂਜਲੀ ਅਰਪਿਤ ਕਰਨਾ ਹੈ, ਉਥੇ ਹੀ ਨੌਜਵਾਨਾਂ ਨੂੰ ਐਡਵੈਂਚਰ ਲਈ ਉਤਸ਼ਾਹਤ ਕਰਕੇ ਨਸ਼ਿਆਂ ਤੋਂ ਰਹਿਤ ਇੱਕ ਅਨੁਸ਼ਾਸਤ ਤੇ ਸੁਰੱਖਿਅਤ ਭਵਿੱਖ ਜਿਉਣ ਲਈ ਪ੍ਰੇਰਤ ਕਰਨਾ ਵੀ ਹੈ।

ਇਸ ਉਪਰੰਤ ਵਾਈ.ਪੀ.ਐਸ. ਸਕੂਲ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਹਿੱਸੇ ਵਜੋਂ ਕਰਵਾਏ ਗਏ ਇੱਕ ਬੌਧਿਕ ਸੈਸ਼ਨ ਮੌਕੇ ਪ੍ਰਸਿੱਧ ਬੁਲਾਰਿਆਂ ਬ੍ਰਿਗੇਡੀਅਰ ਅਦਵਿੱਤਿਆ ਮਦਾਨ ਅਤੇ ਮੇਜਰ ਜਨਰਲ ਹਰਵਿਜੇ ਸਿੰਘ ਨੇ ਵਾਈਪੀਐਸ ਵਿਦਿਆਰਥੀਆਂ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੌਜੂਦਾਂ ਸਮੇਂ ਸੰਸਾਰ ਵਿੱਚ ਚੱਲ ਰਹੇ ਯੁੱਧ ਵਰਗੇ ਹਾਲਾਤ ਉਤੇ ਆਪਣੇ ਵਿਚਾਰ ਪ੍ਰਗਟਾਏ।

ਬ੍ਰਿਗੇਡੀਅਰ ਅਦਵਿੱਤਿਆ ਮਦਾਨ ਨੇ ਗ੍ਰੀਨਲੈਂਡ ਦੀ ਰਣਨੀਤਕ ਮਹੱਤਤਾ, ਅਮਰੀਕਾ-ਈਰਾਨ ਰੁਕਾਵਟ, ਅਤੇ ਗਾਜ਼ਾ ਸ਼ਾਂਤੀ ਸਮਝੌਤੇ ਨਾਲ ਸਬੰਧਤ ਵਿਕਾਸ ਸਮੇਤ ਮਹੱਤਵਪੂਰਨ ਗਲੋਬਲ ਫਲੈਸ਼ਪੁਆਇੰਟਸ ਦਾ ਇੱਕ ਸੂਝਵਾਨ ਵਿਸ਼ਲੇਸ਼ਣ ਕੀਤਾ। ਮੇਜਰ ਜਨਰਲ ਹਰਵਿਜੇ ਸਿੰਘ ਨੇ ਵੈਨੇਜ਼ੁਏਲਾ ਸੰਕਟ 'ਤੇ ਇੱਕ ਵਿਆਪਕ ਬ੍ਰੀਫਿੰਗ ਕਰਦਿਆਂ, ਇਸਦੇ ਵਿਆਪਕ ਭੂ-ਰਾਜਨੀਤਿਕ ਪ੍ਰਭਾਵਾਂ ਨੂੰ ਉਜਾਗਰ ਕੀਤਾ। ਹੈੱਡਮਾਸਟਰ ਨਵੀਨ ਕੁਮਾਰ ਦੀਕਸ਼ਿਤ ਨੇ ਧੰਨਵਾਦ ਕਰਦਿਆਂ ਬੁਲਾਰਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ। ਇਹ ਸਮਾਗਮ ਦੇਸ਼ ਭਗਤੀ, ਫ਼ੌਜੀ ਸ਼ਾਨ ਅਤੇ ਅਕਾਦਮਿਕ ਸ਼ਮੂਲੀਅਤ ਦੀ ਸ਼ਾਨਦਾਰ ਮਿਸਾਲ ਪੈਦਾ ਕਰਦਿਆਂ ਇੱਕ ਸਥਾਈ ਪ੍ਰਭਾਵ ਛੱਡ ਗਿਆ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande