
ਲੁਧਿਆਣਾ, 13 ਫਰਵਰੀ (ਹਿੰ.ਸ.)। ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਅੱਜ ਦੇਸ਼ ਭਰ ਵਿੱਚ ਇਕ ਮਿਸਾਲ ਬਣ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਦੂਰਦਰਸ਼ੀ ਸੋਚ, ਮਜ਼ਬੂਤ ਨੀਤੀਆਂ ਅਤੇ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਗਈ ਹੈ। ਹੁਣ ਹਾਲਾਤ ਇਹ ਹਨ ਕਿ ਸਿਰਫ ਪੰਜਾਬ ਵਾਸੀ ਹੀ ਨਹੀਂ, ਸਗੋਂ ਵਿਦੇਸ਼ਾਂ ਵਿੱਚ ਵੱਸਦੇ ਐਨ.ਆਰ.ਆਈ ਵੀ ਖੁੱਲ੍ਹ ਕੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਤਾਰੀਫ ਕਰ ਰਹੇ ਹਨ ਅਤੇ ਆਪਣੇ ਪਿੰਡਾਂ ਦੇ ਸਕੂਲਾਂ ਦੀ ਮਦਦ ਲਈ ਅੱਗੇ ਆ ਰਹੇ ਹਨ।
ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਤਹਿਤ ਸਕੂਲਾਂ ਵਿੱਚ ਆਧੁਨਿਕ ਕਲਾਸ ਰੂਮ, ਸਮਾਰਟ ਬੋਰਡ, ਸੁਚੱਜੀਆਂ ਲੈਬਾਂ, ਸਾਫ਼ ਸੁਥਰੇ ਟਾਇਲਟ, ਪੀਣ ਵਾਲੇ ਸਾਫ਼ ਪਾਣੀ ਦੀ ਸਹੂਲਤ, ਖੇਡ ਮੈਦਾਨ ਅਤੇ ਬੱਚਿਆਂ ਦੀ ਕੁੱਲ ਵਿਕਾਸ ਲਈ ਵੱਖ-ਵੱਖ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਕਾਰਨ ਅੱਜ ਸਰਕਾਰੀ ਸਕੂਲ ਕਿਸੇ ਵੀ ਪ੍ਰਾਈਵੇਟ ਸਕੂਲ ਤੋਂ ਘੱਟ ਨਹੀਂ ਰਹੇ।
ਇਸ ਸਿੱਖਿਆ ਕ੍ਰਾਂਤੀ ਦੀ ਹੀ ਮਿਸਾਲ ਹੈ ਖੰਨਾ ਦੇ ਨੇੜਲੇ ਪਿੰਡ ਘੁੰਗਰਾਲੀ ਰਾਜਪੂਤਾਂ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ।
ਇਸ ਵਾਰ ਵੀ ਸਕੂਲ ਸਟਾਫ ਅਤੇ ਐਨ.ਆਰ.ਆਈਜ਼ ਦੇ ਸਹਿਯੋਗ ਨਾਲ “ਨੰਨ੍ਹੇ ਉਸਤਾਦ ਐਥਲੈਟਿਕਸ ਮੀਟ” ਦਾ ਸ਼ਾਨਦਾਰ ਆਯੋਜਨ ਕੀਤਾ ਗਿਆ, ਜਿਸ ਦਾ ਪੈਟਰਨ ਇੰਨਾ ਉੱਚ ਪੱਧਰੀ ਸੀ ਕਿ ਹਰ ਕੋਈ ਦੰਗ ਰਹਿ ਗਿਆ। ਸਕੂਲ ਮੁਖੀ ਗਲੈਕਸੀ ਸੋਫਤ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਕੇਵਲ 86 ਦੇ ਕਰੀਬ ਸੀ, ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੇ ਲਗਾਤਾਰ ਉਪਰਾਲਿਆਂ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਦ੍ਰਿੜ਼ ਨੀਤੀ ਅਤੇ ਸਟਾਫ ਦੀ ਦਿਨ-ਰਾਤ ਦੀ ਮਿਹਨਤ ਸਦਕਾ ਅੱਜ ਇਹ ਗਿਣਤੀ ਲਗਭਗ ਡੇਢ ਸੌ ਤੱਕ ਪਹੁੰਚ ਗਈ ਹੈ। ਇਸ ਵਾਰ ਦੀ ਐਥਲੈਟਿਕਸ ਮੀਟ ਸਵਰਗੀ ਗੁਰਵੰਤ ਸਿੰਘ ਸਹੋਤਾ ਦੀ ਯਾਦ ਨੂੰ ਸਮਰਪਿਤ ਕੀਤੀ ਗਈ, ਕਿਉਂਕਿ ਸਹੋਤਾ ਪਰਿਵਾਰ ਹਮੇਸ਼ਾ ਸਕੂਲ ਅਤੇ ਪਿੰਡ ਦੀ ਮਦਦ ਲਈ ਅੱਗੇ ਰਹਿੰਦਾ ਹੈ। ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਮਨੋਜ ਕੁਮਾਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰਣਜੋਧ ਸਿੰਘ ਖੰਗੂੜਾ ਨੇ ਸਕੂਲ ਸਟਾਫ ਦੀ ਮਿਹਨਤ ਦੀ ਖੂਬ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਸਿੱਖਿਆ ਕ੍ਰਾਂਤੀ ਦਾ ਹੀ ਨਤੀਜਾ ਹੈ ਕਿ ਅੱਜ ਸਰਕਾਰੀ ਸਕੂਲ ਨਵੀਂ ਉਚਾਈਆਂ ਨੂੰ ਛੂਹ ਰਹੇ ਹਨ।
ਇਸ ਮੌਕੇ ਸਟੇਟ ਐਵਾਰਡ ਅਧਿਆਪਕ ਵਿਕਾਸ ਕਪਿਲਾ, ਬਲਜੀਤ ਕੌਰ, ਜਸਵਿੰਦਰ ਕੌਰ, ਜਸਵੀਰ ਕੌਰ, ਸਤਨਾਮ ਸਿੰਘ, ਜਸਵਿੰਦਰ ਕੌਰ, ਸਵਰਗੀ ਗੁਰਵੰਤ ਸਿੰਘ ਸਹੋਤਾ ਦੀ ਪਤਨੀ ਅੰਮ੍ਰਿਤਪਾਲ ਕੌਰ ਸਹੋਤਾ, ਸਿਮਰਤ ਸਹੋਤਾ, ਪਲਵਿੰਦਰ ਸਿੰਘ ਸਹੋਤਾ, ਬਰਿੰਦਰਜੀਤ ਕੌਰ ਸਹੋਤਾ, ਧਨਵੀਰ ਸਹੋਤਾ, ਜਸਵੀਰ ਕੌਰ ਸਹੋਤਾ, ਗੁਰਵੀਰਇੰਦਰ ਸਿੰਘ ਧਾਲੀਵਾਲ ਸਮੇਤ ਕਈ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਕੁੱਲ ਮਿਲਾ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਚਲ ਰਹੀ ਸਿੱਖਿਆ ਕ੍ਰਾਂਤੀ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਤਸਵੀਰ ਹੀ ਬਦਲ ਦਿੱਤੀ ਹੈ। ਅੱਜ ਐਨ.ਆਰ.ਆਈ ਵੀ ਇਸ ਬਦਲਾਅ ਨੂੰ ਵੇਖ ਕੇ ਮਾਣ ਮਹਿਸੂਸ ਕਰ ਰਹੇ ਹਨ ਅਤੇ ਖੁੱਲ੍ਹ ਕੇ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਤਾਰੀਫ ਕਰ ਰਹੇ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ