
ਮੋਗਾ, 16 ਫਰਵਰੀ (ਹਿੰ.ਸ.)। ਮੋਗਾ ਵਿੱਚ ਪਿੰਡ ਰੱਖਿਆ ਕਮੇਟੀ (ਵੀ.ਡੀ.ਸੀ.) ਦੇ ਸਹੁੰ ਚੁੱਕ ਸਮਾਗਮ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਸਪੱਸ਼ਟ ਅਤੇ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਕਿ ਜਿਥੇ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਨੇ ਸੂਬੇ ਨੂੰ ਨਸ਼ਿਆਂ ਵਿੱਚ ਡੁੱਬਣ ਦਿੱਤਾ, ਉਥੇ ਹੀ 'ਆਪ' ਦੀ ਸਰਕਾਰ ਇਸ ਨੁਕਸਾਨ ਦੀ ਪੂਰਤੀ ਲਈ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਹਰ ਕਿਸੇ ਵਿਰੁੱਧ ਲਗਾਤਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆ ਰਹੀ ਹੈ।
'ਆਪ' ਸੁਪਰੀਮੋ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਸਰਕਾਰ ਨੇ ਨਸ਼ਾ ਤਸਕਰਾਂ ਨੂੰ ਬਚਾਉਣ ਦੀ ਬਜਾਏ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਉਨ੍ਹਾਂ ਨੇ 2,000 ਕਿਲੋ ਨਸ਼ੇ ਦੀ ਬਰਾਮਦਗੀ, ਵੱਡੇ ਸੌਦਾਗਰਾਂ ਨੂੰ ਜੇਲ੍ਹਾਂ 'ਚ ਡੱਕਣ ਅਤੇ ਉਨ੍ਹਾਂ ਦੇ ਮਹਿਲਨੁਮਾ ਘਰਾਂ 'ਤੇ ਬੁਲਡੋਜ਼ਰ ਚਲਾਉਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਜ਼ਮੀਨੀ ਪੱਧਰ 'ਤੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇ ਪਿਛਲੀਆਂ ਸਰਕਾਰ ਸੱਤਾ ਵਿੱਚ ਆਉਣਗੀਆਂ ਤਾਂ ਪੰਜਾਬ ਨੂੰ ਮੁੜ ਨਸ਼ਿਆਂ ਦੀ ਦਲਦਲ ਵਿੱਚ ਜਾਣ ਤੋਂ ਕੋਈ ਬਚਾ ਨਹੀਂ ਸਕਦਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਹਰਾਇਆ ਕਿ ਆਪ ਦੀ ਸਰਕਾਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪੰਜਾਬ 'ਤੇ 'ਚਿੱਟੇ' ਦੇ ਦਾਗ ਨੂੰ ਮਿਟਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦੀ ਰਣਨੀਤੀ ਇਸ ਮੁਹਿਮ ਦੇ ਸਖ਼ਤੀ ਨਾਲ ਲਾਗੂ ਰਾਹੀਂ ਨਸ਼ਾ ਮੁਕਤ ਪੰਜਾਬ ਸਿਰਜਣ ਵੱਲ ਸੇਧਿਤ ਹੈ, ਜਿਸ ਤਹਿਤ ਹਰ ਪਿੰਡ ਵਿੱਚ ਖੇਡ ਮੈਦਾਨਾਂ ਦੀ ਉਸਾਰੀ ਅਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਰੋਜ਼ਗਾਰ ਦੇ ਮੌਕੇ ਸਿਰਜਣਾ ਸ਼ਾਮਲ ਹੈ।
ਆਪ ਦੇ ਦੋਵੇਂ ਸੀਨੀਅਰ ਆਗੂਆਂ ਨੇ ਨਸ਼ਾ ਵਿਰੋਧੀ ਮੁਹਿੰਮ ਨੂੰ ਪੰਜਾਬ ਦੇ ਸ਼ਾਸਨ ਵਿੱਚ ਇੱਕ ਨਿਰਣਾਇਕ ਪੜਾਅ ਐਲਾਨਦਿਆਂ ਇਸਨੂੰ ਕਾਨੂੰਨ ਲਾਗੂ ਕਰਨ ਵਾਲਾ ਮਿਸ਼ਨ ਅਤੇ ਸੂਬੇ ਭਰ ਵਿੱਚ ਲੋਕਾਂ ਦਾ ਵਿਸ਼ਵਾਸ ਜਿੱਤਣ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵੱਲ ਸੇਧਿਤ ਇੱਕ ਵਿਆਪਕ ਯਤਨ ਕਰਾਰ ਦਿੱਤਾ।
ਸੁਰੱਖਿਆ ਸਬੰਧੀ ਸ਼ੰਕਿਆਂ ਬਾਰੇ ਗੱਲ ਕਰਦਿਆਂ 'ਆਪ' ਮੁਖੀ ਨੇ ਅੱਗੇ ਕਿਹਾ ਕਿ ਬਹੁਤੇ ਲੋਕ ਅਜੇ ਵੀ ਇਹ ਸੋਚਦੇ ਹਨ ਕਿ ਜੇ ਉਹ ਜਾਣਕਾਰੀ ਦੇਣਗੇ ਤਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਮਾਰ ਦਿੱਤਾ ਜਾਵੇਗਾ ਜਾਂ ਪਰੇਸ਼ਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਇੱਕ ਐਪ ਬਣਾਇਆ ਹੈ ਅਤੇ ਇਹ ਐਪ ਹਰ ਪਿੰਡ ਰੱਖਿਆ ਕਮੇਟੀ ਮੈਂਬਰ ਦੇ ਫੋਨ 'ਚ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਹਰ ਮੈਂਬਰ ਇਸ ਇਸ ਐਪ ਰਾਹੀਂ ਜਾਣਕਾਰੀ ਦੇ ਸਕਦਾ ਹੈ, ਜਿਸਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਅਤੇ ਕਿਸੇ ਨੂੰ ਵੀ ਇਹ ਪਤਾ ਨਹੀਂ ਚੱਲੇਗਾ ਕਿ ਤੁਸੀਂ ਕੋਈ ਵੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਬਹੁਤੀਆਂ ਪਿੰਡ ਰੱਖਿਆ ਕਮੇਟੀਆਂ ਪਹਿਲਾਂ ਹੀ ਜਾਣਕਾਰੀ ਸਾਂਝੀ ਕਰ ਰਹੀਆਂ ਹਨ, ਜੋ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਪਿੰਡ ਰੱਖਿਆ ਕਮੇਟੀ ਦੇ ਜ਼ਿਆਦਾਤਰ ਮੈਂਬਰਾਂ ਨੇ ਉਹ ਕਿਸੇ ਤੋਂ ਨਹੀਂ ਡਰਦੇ ਅਤੇ ਉਹ ਇਸ ਯੁੱਧ ਵਿੱਚ ਪੂਰੀ ਤਰ੍ਹਾਂ ਸਰਕਾਰ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਹੁਣ ਪੂਰਾ ਪੰਜਾਬ ਇੱਕਜੁੱਟ ਹੋ ਰਿਹਾ ਹੈ, ਲੋਕਾਂ ਦੇ ਮਨਾਂ ਵਿੱਚੋਂ ਡਰ ਨਿਕਲ ਰਿਹਾ ਹੈ ਅਤੇ ਪਿੰਡਾਂ ਦੇ ਲੋਕ ਨਸ਼ਾ ਵੇਚਣ ਵਾਲਿਆਂ ਨੂੰ ਮੂਹਰੇ ਭਜਾ ਰਹੇ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ