ਪੰਜਾਬ ਵਿੱਚ ਐਮ.ਡੀ.ਐਮ.ਏ. ਦੀ ਬਰਾਮਦਗੀ ਨਾਲ ਅੰਤਰਰਾਸ਼ਟਰੀ ਨਾਰਕੋਟਿਕਸ ਨੈੱਟਵਰਕ ਦਾ ਪਰਦਾਫਾਸ਼, ਛੇ ਗ੍ਰਿਫ਼ਤਾਰ
1215 ਐਮਡੀਐਮਏ ਗੋਲੀਆਂ, 263 ਗ੍ਰਾਮ ਕੋਕੇਨ, 82 ਗ੍ਰਾਮ ਆਈਸੀਈ, 1.2 ਕਿਲੋ ਟੀਐਚਸੀ ਵੇਰੀਐਂਟ, 16 ਗ੍ਰਾਮ ਮੈਜਿਕ ਮਸ਼ਰੂਮ ਅਤੇ 400 ਗ੍ਰਾਮ ਅਫੀਮ ਬਰਾਮਦ
ਬਰਾਮਦ ਨਸ਼ੀਲਾ ਪਦਾਰਥ


ਚੰਡੀਗੜ੍ਹ, 28 ਫਰਵਰੀ (ਹਿੰ.ਸ.)। ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਸੰਗਠਿਤ ਨੈੱਟਵਰਕ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਪੁਲਿਸ ਦੀ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ) ਨੇ ਟ੍ਰਾਈਸਿਟੀ ਖੇਤਰ ਅਤੇ ਲੁਧਿਆਣਾ ਵਿੱਚ ਸਰਗਰਮ ਇੱਕ ਅੰਤਰਰਾਸ਼ਟਰੀ ਨਾਰਕੋਟਿਕਸ ਨੈੱਟਵਰਕ ਦਾ ਪਰਦਾਫਾਸ਼ ਇਸਦੇ ਛੇ ਮੁੱਖ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਵਿਸ਼ੇਸ਼ ਕਰਕੇ ਸ਼ਹਿਰਾਂ ‘ਚ ਰਹਿੰਦੇ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਵਿਦੇਸ਼ੀ ਮੂਲ ਦੇ ਪਾਰਟੀ ਡਰੱਗਜ਼ ਦੀ ਸਪਲਾਈ ਕਰਦੇ ਸਨ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰਿਸ਼ਵ, ਮੁਕੇਸ਼ ਕੁਮਾਰ, ਲਖਵਿੰਦਰ ਸਿੰਘ, ਰਵੀ ਕੁਮਾਰ, ਬਲਜਿੰਦਰ ਸਿੰਘ ਅਤੇ ਤਲਵਿੰਦਰ ਸਿੰਘ ਵਜੋਂ ਹੋਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਦੇਸ਼ ਵਿੱਚ ਐਮ.ਡੀ.ਐਮ.ਏ. ਟੈਬਲੇਟ ਦੀ ਸਭ ਤੋਂ ਵੱਡੀਆਂ ਬਰਾਮਦਗੀਆਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਜ਼ਬਤ ਕੀਤੇ ਗਏ ਪਦਾਰਥਾਂ ਵਿੱਚ 1,215 ਐਮਡੀਐਮਏ ਟੈਬਲੇਟ, 263 ਗ੍ਰਾਮ ਕੋਕੀਨ, 82 ਗ੍ਰਾਮ ਮੈਥਾਫੈਟਾਮਾਈਨ (ਆਈਸੀਈ), ਵੱਖ-ਵੱਖ ਵੇਰੀਐਂਟ ਵਿੱਚ 1.2 ਕਿਲੋ ਟੀਐਚਸੀ, 16 ਗ੍ਰਾਮ ਮੈਜਿਕ ਮਸ਼ਰੂਮ ਅਤੇ 400 ਗ੍ਰਾਮ ਅਫੀਮ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 9 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।

ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਸਿੰਡੀਕੇਟ ਏਅਰ ਕੋਰੀਅਰ ਚੈਨਲਾਂ ਰਾਹੀਂ ਵਿਦੇਸ਼ਾਂ ਤੋਂ ਨਸ਼ੀਲੇ ਪਦਾਰਥ ਮੰਗਵਾ ਕੇ ਇਸਦੀ ਅੱਗੇ ਸਪਲਾਈ ਅਤੇ ਪਤਾ ਲੱਗਣ ਤੋਂ ਬਚਣ ਲਈ ਏਨਕ੍ਰਿਪਟਡ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਦਾ ਸੀ । ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਹੋਰ ਮੁਲਜ਼ਮਾਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਏਆਈਜੀ ਏਐਨਟੀਐਫ ਅਸ਼ਵਨੀ ਗੋਟਿਆਲ ਨੇ ਕਿਹਾ ਕਿ ਉਨ੍ਹਾਂ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਰਿਸ਼ਵ ਨਾਮੀ ਇੱਕ ਡਰੱਗ ਸਪਲਾਇਰ ਖਰੜ ਦੇ ਇੱਕ ਅਪਾਰਟਮੈਂਟ ‘ਚੋਂ ਕਲੱਬ ਅਤੇ ਪਾਰਟੀ ਸਰਕਟਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਦਾ ਕੰਮ ਚਲਾ ਰਿਹਾ ਹੈ, ਜੋ ਮੁੱਖ ਤੌਰ 'ਤੇ ਟ੍ਰਾਈਸਿਟੀ ਖੇਤਰ ਦੇ ਨੌਜਵਾਨਾਂ ਨੂੰ ਇਹ ਨਸ਼ੀਲੇ ਪਦਾਰਥ ਵੇਚਦਾ ਹੈ।

ਪ੍ਰਾਪਤ ਜਾਣਕਾਰੀ 'ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਯੋਜਨਾ ਬਣਾ ਕੇ ਉਕਤ ਜਗ੍ਹਾ ‘ਤੇ ਛਾਪਾ ਮਾਰਿਆ, ਜਿਸ ਦੌਰਾਨ ਸ਼ੱਕੀ ਰਿਸ਼ਵ ਨੂੰ 1215 ਐਮਡੀਐਮਏ ਟੈਬਲੇਟ, 155 ਗ੍ਰਾਮ ਕੋਕੇਨ, 82 ਗ੍ਰਾਮ ਆਈਸੀਈ, 10 ਵੇਰੀਐਂਟ ਵਿੱਚ 973 ਗ੍ਰਾਮ ਟੀਐਚਸੀ, 16 ਗ੍ਰਾਮ ਮੈਜਿਕ ਮਸ਼ਰੂਮ, 400 ਗ੍ਰਾਮ ਅਫੀਮ ਅਤੇ 3 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕਰ ਲਿਆ ਗਿਆ।

ਏਆਈਜੀ ਨੇ ਕਿਹਾ ਕਿ ਹੋਰ ਜਾਂਚ ਦੌਰਾਨ ਲੁਧਿਆਣਾ ਵਿੱਚ ਇੱਕ ਵਿਸ਼ਾਲ ਡਿਸਟ੍ਰੀਬਿਊਸ਼ਨ ਮਾਡਿਊਲ ਦਾ ਪਤਾ ਲੱਗਿਆ, ਜੋ ਟ੍ਰਾਈਸਿਟੀ ਖੇਤਰ ਲਈ ਇੱਕ ਮੁੱਖ ਸਪਲਾਈ ਅਤੇ

ਰੀ-ਡਿਸਟ੍ਰੀਬਿਊਸ਼ਟ ਹੱਬ ਵਜੋਂ ਕੰਮ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਕੀਤੀਆਂ ਗਈਆਂ ਛਾਪੇਮਾਰੀਆਂ ਵਿੱਚ ਮੁੱਖ ਕਾਰਕੁਨਾਂ - ਮੁਕੇਸ਼ ਕੁਮਾਰ, ਲਖਵਿੰਦਰ ਸਿੰਘ, ਰਵੀ ਕੁਮਾਰ, ਬਲਜਿੰਦਰ ਸਿੰਘ ਅਤੇ ਤਲਵਿੰਦਰ ਸਿੰਘ ਨੂੰ 108 ਗ੍ਰਾਮ ਕੋਕੇਨ, 278 ਗ੍ਰਾਮ ਟੀਐਚਸੀ ਅਤੇ 6 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ।

ਏਆਈਜੀ ਅਸ਼ਵਨੀ ਗੋਟਿਆਲ ਨੇ ਕਿਹਾ ਕਿ ਇਸ ਛਾਪਿਆਂ ਦੌਰਾਨ ਜ਼ਬਤ ਕੀਤੇ ਗਏ ਕਈ ਨਸ਼ੀਲੇ ਪਦਾਰਥ ਵਿਸ਼ਵ ਪੱਧਰ 'ਤੇ ਕਾਫ਼ੀ ਮਾਰੂ ਅਤੇ ਖਤਰਨਾਕ ਮੰਨੇ ਜਾਂਦੇ ਹਨ ਅਤੇ ਇਨ੍ਹਾਂ ਦੇ ਗੰਭੀਰ ਮਨੋਵਿਗਿਆਨਕ ਅਤੇ ਸਰੀਰਕ ਪ੍ਰਭਾਵਾਂ ਕਰਕੇ ਮੂਲ ਦੇਸ਼ਾਂ ਵਿੱਚ ਇਨ੍ਹਾਂ ਪਦਾਰਥਾਂ ਦੇ ਸੇਵਨ ਖ਼ਿਲਾਫ਼ ਵੱਖ-ਵੱਖ ਜਨਤਕ ਸਿਹਤ ਐਡਵਾਈਜ਼ਰੀਆਂ ਅਤੇ ਇਨਫੋਰਸਮੈਂਟ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande