
ਫਾਜ਼ਿਲਕਾ, 03 ਫਰਵਰੀ (ਹਿੰ. ਸ.)। ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਡੀ.ਜੀ.ਪੀ ਪੰਜਾਬ ਹੋਮ ਗਾਰਡਜ ਸੰਜੀਵ ਕਾਲੜਾ ਦੀ ਰਹਿਨੁਮਾਈ ਹੇਠ ਅਤੇ ਕੰਟਰੋਲਰ ਸਿਵਲ ਡਿਫੈਂਸ਼ ਫਾਜਿਲਕਾ ਮੈਡਮ ਅਮਰਪ੍ਰੀਤ ਕੌਰ ਸੰਧੂ ਆਈ.ਏ.ਐਸ ਅਤੇ ਜਿਲਾ ਕਮਾਂਡਰ ਕਮ-ਅਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਗੁਰਲਵਦੀਪ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਡੀ.ਏ.ਵੀ ਕਾਲਜ ਅਬੋਹਰ ਵਿੱਚ ਸੱਤ ਰੋਜ਼ਾ ਸਿਵਿਲ ਡਿਫੈਂਸ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ।
ਟ੍ਰੇਨਿੰਗ ਕੋਰਸ ਦੇ ਪਹਿਲੇ ਦਿਨ ਮੁੱਖ ਮਹਿਮਾਨ ਜਿਲਾ ਕਮਾਂਡਰ ਕਮ-ਅਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਗੁਰਲਵਦੀਪ ਸਿੰਘ ਗਰੇਵਾਲ ਅਤੇ ਡੀ.ਏ.ਵੀ ਕਾਲਜ ਦੇ ਵਾਇਸ ਪ੍ਰਿੰਸੀਪਲ ਡਾ.ਰਾਜੇਸ਼ ਕੁਮਾਰ ਖੱਤਰੀ ਨੇ ਸ਼ਮਾਂ ਰੌਸ਼ਨ ਕਰਕੇ ਟ੍ਰੇਨਿੰਗ ਪ੍ਰੋਗਰਾਮ ਦਾ ਆਗਾਜ਼ ਕੀਤਾ ਅਤੇ ਸਿਖਿਆਰਥੀਆਂ ਨੂੰ ਸੰਬੋਧਿਤ ਕੀਤਾ।
ਟ੍ਰੇਨਿੰਗ ਕੋਰਸ ਦੇ ਦੂਸਰੇ ਤੇ ਤੀਸਰੇ ਦਿਨ ਨੂੰ ਫਾਇਰ ਬ੍ਰਿਗੇਡ ਟੀਮ ਅਬੋਹਰ ਜਿਲਾ ਫਾਜਿਲਕਾ ਵੱਲੋਂ ਵਲੰਟੀਅਰਜ ਨੂੰ ਅੱਗ ਦੀਆਂ ਕਿਸਮਾਂ, ਵੱਖ ਵੱਖ ਕਿਸਮ ਦੇ ਅੱਗ ਬੁਝਾਉਣ ਦੇ ਸਹੀ ਤਰੀਕਿਆਂ ਬਾਰੇ ਅਤੇ ਅੱਗ ਬੁਝਾਊ ਯੰਤਰਾਂ ਦਾ ਪ੍ਰੈਕਟੀਕਲ ਕਰਵਾ ਕਰਕੇ ਜਾਣਕਾਰੀ ਦਿੱਤੀ ਗਈ।
ਟ੍ਰੇਨਿੰਗ ਕੋਰਸ ਦੇ ਚੌਥੇ ਤੇ ਪੰਜਵੇ ਦਿਨ ਨੂੰ ਐਨ.ਡੀ.ਆਰ.ਐਫ 07 ਬਟਾਲੀਅਨ ਬਠਿੰਡਾ ਵੱਲੋਂ ਇੰਸਪੈਕਟਰ ਜੈਪਾਲ ਅਤੇ ਉਹਨਾਂ ਦੀ ਟੀਮ ਦੁਆਰਾ ਵਿਦਿਆਰਥੀਆਂ ਨੂੰ ਐਮਰਜੈਂਸੀ ਹਾਲਾਤਾਂ ਵਿੱਚ ਬਚਾਅ ਦੇ ਤਰੀਕੇ,ਨੁਕਸਾਨੀ ਹੋਈ ਇਮਾਰਤਾਂ ਵਿੱਚ ਸੁਰੱਖਿਅਤ ਢੰਗ ਨਾਲ ਦਾਖਲ ਹੋਣ ਤੇ ਜਖਮੀ ਵਿਅਕਤੀਆਂ ਨੂੰ ਬਚਾਉਣ ਬਾਰੇ ਅਤੇ ਆਪਦਾ ਪ੍ਰਬੰਧਨ ਬਾਰੇ ਲੈਕਚਰ ਦੇ ਕੇ ਅਤੇ ਪ੍ਰੈਕਟੀਕਲ/ਡੈਮੋ ਕਰਵਾ ਕੇ ਜਾਗਰੂਕ ਕੀਤਾ ਗਿਆ ਅਤੇ ਆਪਦਾ ਪ੍ਰਬੰਧਨ ਸਬੰਧੀ ਜਾਣਕਾਰੀ ਦਿੱਤੀ ਗਈ।
ਟ੍ਰੇਨਿੰਗ ਕੋਰਸ ਦੇ ਛੇਵੇ ਤੇ ਸਤਵੇ ਦਿਨ ਨੂੰ ਰੈਡ ਕਰਾਸ ਟੀਮ ਫਾਜਿਲਕਾ ਵਿੱਚ ਲੈਕ. ਸ੍ਰੀ ਰਾਜੀਵ ਮਲਿਕ ਅਤੇ ਮੈਡਮ ਲੈਕ.ਸੁਰਜੀਤ ਕੌਰ ਜੀ ਵੱਲੋਂ ਮੁੱਢਲੀ ਸਹਾਇਤਾ ਦੇ ਮਹੱਤਵ, ਜਖਮੀ ਵਿਅਕਤੀ ਨੂੰ ਮੁੱਢਲੀ ਸਹਾਇਤਾ ਦੇਣ ਦੇ ਢੰਗ ਅਤੇ ਸੀ.ਪੀ.ਆਰ ਦੇਣ ਦੀ ਵਿਧੀ ਦਾ ਪ੍ਰੈਕਟੀਕਲ ਕਰਵਾਇਆ ਗਿਆ। ਟ੍ਰੇਨੀਜ ਵੱਲੋਂ ਪੂਰੇ ਉਤਸ਼ਾਹ ਨਾਲ ਪ੍ਰੈਕਟੀਕਲ ਵਿੱਚ ਭਾਗ ਲਿਆ ਗਿਆ।
ਇਸ ਸਮੇਂ ਸਟੋਰ ਸੁਪਰਡੈਂਟ ਸਿਵਿਲ ਡਿਫੈਂਸ ਪਰਮਿੰਦਰ ਸਿੰਘ ਬਾਠ ਵੱਲੋਂ ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਲੰਟੀਅਰਜ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਦੇਸ਼ ਤੇ ਸਮਾਜ ਦੇ ਜਿੰਮੇਵਾਰ ਨਾਗਰਿਕ ਵਜੋਂ ਵਿਚਰਨ ਦਾ ਸੰਦੇਸ਼ ਦਿੱਤਾ ਅਤੇ ਹਾਜਰ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ