
ਤਰਨਤਾਰਨ, 06 ਫਰਵਰੀ (ਹਿੰ. ਸ.)। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ (ਐਫ. ਏ. ਐਸ. ਸੀ.), ਤਰਨ ਤਾਰਨ ਵੱਲੋਂ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੀ ਯੋਗ ਅਗਵਾਈ ਹੇਠ ਮਿਤੀ 06 ਫਰਵਰੀ 2026 ਨੂੰ ਪੱਟੀ ਵਿਖੇ ਸਬਜ਼ੀ ਵਿਗਿਆਨ ਵਿਭਾਗ, ਪੀ ਏ ਯੂ, ਲੁਧਿਆਣਾ ਦੇ ਸਹਿਯੋਗ ਨਾਲ ਗਾਜਰ ਦੀ ਕਾਸ਼ਤ ਤੇ ਖੇਤ ਦਿਵਸ ਮਨਾਇਆ ਗਿਆ ।
ਡਾ. ਪਰਵਿੰਦਰ ਸਿੰਘ, ਇੰਚਾਰਜ, ਐਫ. ਏ. ਐਸ. ਸੀ, ਤਰਨ ਤਾਰਨ ਨੇ ਪੀ ਏ ਯੂ ਤੋਂ ਆਏ ਹੋਏ ਵਿਗਿਆਨੀਆਂ, ਹੋਰ ਵਿਭਾਗਾਂ ਦੇ ਅਧਿਕਾਰੀਆਂ ਅਤੇ ਗਾਜਰ ਅਤੇ ਹੋਰ ਸਬਜ਼ੀਆਂ ਦੀ ਖੇਤੀ ਕਰਨ ਵਾਲੇ ਇਲਾਕੇ ਦੇ ਕਿਸਾਨਾਂ ਨੂੰ ਜੀ ਆਇਆਂ ਕਿਹਾ ਅਤੇ ਇਸ ਖੇਤ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਘਰੇਲੂ ਪੱਧਰ 'ਤੇ ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਕਰਨ ਦੀ ਲੋੜ ਤੇ ਜੋਰ ਦਿੱਤਾ ।
ਡਾ. ਤਰਸੇਮ ਸਿੰਘ ਢਿੱਲੋਂ, ਵਧੀਕ ਨਿਰਦੇਸ਼ਕ, ਪਸਾਰ ਸਿੱਖਿਆ ਨੇ ਆਪਣੇ ਵਿਚਾਰ ਕਿਸਾਨਾਂ ਅੱਗੇ ਰੱਖਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਦੀ ਭਲਾਈ ਕੀਤੇ ਜਾ ਰਹੇ ਨਵੇਂ ਖੋਜ ਕਾਰਜਾਂ ਤੋਂ ਜਾਣੂ ਕਰਵਾਇਆ । ਉਨ੍ਹਾਂ ਨੇ ਗਾਜਰ ਵਿਗਿਆਨੀ ਵੱਜੋਂ ਆਪਣੇ ਤਜਰਬੇ ਵੀ ਸਾਂਝੇ ਕੀਤੇ ਅਤੇ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਗਾਜਰ ਦੀਆਂ ਵੱਖ-ਵੱਖ ਸੁਧਰੀਆਂ ਕਿਸਮਾਂ, ਉਨ੍ਹਾਂ ਦੇ ਵਿਲੱਖਣ ਗੁਣਾਂ ਅਤੇ ਉਨ੍ਹਾਂ ਦੀ ਵੱਖ-ਵੱਖ ਉਦੇਸ਼ਾਂ ਲਈ ਵਰਤੋਂ ਬਾਰੇ ਦੱਸਿਆ।
ਡਾ. ਢਿੱਲੋਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਦੀ ਲਾਗਤ ਘਟਾਉਣ ਅਤੇ ਆਪਣੀ ਉਤਪਾਦਕਤਾ ਵਧਾਉਣ ਲਈ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਅਤੇ ਤਕਨੀਕਾਂ ਨੂੰ ਅਪਨਾਉਣ । ਉਹਨਾਂ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਦੇ ਸਾਹਿਤ ਨਾਲ ਜੁੜਨ ਲਈ ਵੀ ਪ੍ਰੇਰਿਤ ਕੀਤਾ । ਡਾ. ਰੂਮਾ ਦੇਵੀ, ਸਬਜ਼ੀ ਵਿਗਿਆਨੀ, ਨੇ ਗਾਜਰ ਦੀ ਸਫਲ ਕਾਸ਼ਤ ਕਰਨ ਲਈ ਨੁਕਤੇ ਸਾਂਝੇ ਕੀਤੇ ।
ਡਾ. ਨਵਜੋਤ ਸਿੰਘ ਬਰਾੜ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ, ਬੂਹ, ਤਰਨ ਤਾਰਨ ਨੇ ਹਾੜ੍ਹੀ ਦੀਆਂ ਫ਼ਸਲਾਂ ਦੀ ਕਾਸ਼ਤ ਅਤੇ ਨਦੀਨ ਪ੍ਰਬੰਧ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਾਗਬਾਨੀ ਦੇ ਖੇਤਰ ਵਿੱਚ ਥੋੜੇ ਸਮੇਂ ਅਤੇ ਕਿੱਤਾ ਮੁਖੀ ਸਿਖਲਾਈਆਂ ਪ੍ਰਾਪਤ ਕਰਨ ਲਈ ਕੇ ਵੀ ਕੇ ਦੇ ਮਾਹਿਰਾਂ ਨਾਲ ਸੰਪਰਕ ਵਿੱਚ ਰਹਿਣ। ਗੁਰਪ੍ਰੀਤ ਸਿੰਘ, ਬਲਾਕ ਟੈਕਨੋਲੋਜੀ ਮੈਨੇਜਰ, ਪੱਟੀ ਨੇ ਕਿਸਾਨਾਂ ਲਈ ਮਹਿਕਮੇ ਵੱਲੋਂ ਚੱਲ ਰਹੀਆਂ ਵੱਖ-ਵੱਖ ਸਕੀਮਾਂ ਅਤੇ ਸਹੂਲਤਾਂ ਤੇ ਚਾਨਣਾ ਪਾਇਆ।
ਡਾ. ਪਰਮਿੰਦਰ ਕੌਰ ਸਹਿਜਪਾਲ, ਪ੍ਰਮੁੱਖ ਪਸਾਰ ਮਾਹਿਰ (ਪੌਦਾ ਰੋਗ) ਨੇ ਗਾਜਰ ਅਤੇ ਹੋਰ ਸਬਜ਼ੀਆਂ ਦੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਦੱਸਿਆ । ਡਾ. ਸਵਰੀਤ ਖਹਿਰਾ, ਸੀਨੀਅਰ ਪਸਾਰ ਵਿਗਿਆਨੀ (ਫ਼ਲ) ਨੇ ਆਏ ਹੋਏ ਵਿਗਆਨੀਆਂ, ਅਧਿਕਾਰੀਆਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ 150 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਗਾਜਰ ਦੀਆਂ ਵੱਖ-ਵੱਖ ਕਿਸਮਾਂ ਦੇ ਨਮੂਨਿਆਂ, ਗਾਜਰ ਅਤੇ ਹੋਰ ਸਬਜ਼ੀਆਂ ਨਾਲ ਸਬੰਧਤ ਚਾਰਟ ਅਤੇ ਪੋਸਟਰ, ਐਫ. ਏ. ਐਸ. ਸੀ ਦੀਆਂ ਗਤੀਵਿਧੀਆਂ, ਇਨਾਮ ਜੇਤੂ ਕਿਸਾਨਾਂ ਅਤੇ ਪੀ ਏ ਯੂ ਦੇ ਸਾਹਿਤ ਨਾਲ ਸਬੰਧਤ ਪ੍ਰਦਰਸ਼ਨੀ ਵੀ ਲਗਾਈ ਗਈ । ਇਸ ਮੋਕੇ ਤੇ 12 ਅਗਾਂਹ-ਵਧੂ ਸਬਜ਼ੀ ਉਤਪਾਦਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ ।
----------------
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ