ਫੂਡ ਸੇਫਟੀ ਵੈਨ ਰਾਹੀਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ, ਲਿਟਰੇਚਰ ਵੀ ਵੰਡਿਆ
ਹੁਸ਼ਿਆਰਪੁਰ, 13 ਮਾਰਚ (ਹਿੰ.ਸ.)। ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਕੰਵਲਪ੍ਰੀਤ ਕੌਰ ਬਰਾੜ (ਆਈਏਐਸ) ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ (ਆਈਏਐਸ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਡਾ. ਮਨਦੀਪ ਕਮਲ ਦੇ ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿੱਚ ਖਾਧ ਪਦਾਰਥਾਂ ਦੀ ਗੁਣਵੱਤਾ ਅਤੇ ਸੁਰ
ਜਾਗਰੂਕਤਾ ਮੁਹਿੰਮ ਦੌਰਾਨ ਫੂਡ ਸੇਫਟੀ ਵਿਭਾਗ ਦੇ ਕਰਮਚਾਰੀ


ਹੁਸ਼ਿਆਰਪੁਰ, 13 ਮਾਰਚ (ਹਿੰ.ਸ.)। ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਕੰਵਲਪ੍ਰੀਤ ਕੌਰ ਬਰਾੜ (ਆਈਏਐਸ) ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ (ਆਈਏਐਸ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਡਾ. ਮਨਦੀਪ ਕਮਲ ਦੇ ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿੱਚ ਖਾਧ ਪਦਾਰਥਾਂ ਦੀ ਗੁਣਵੱਤਾ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਫੂਡ ਸੇਫਟੀ ਟੀਮ ਵੱਲੋਂ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੀ ਅਗਵਾਈ ਜ਼ਿਲ੍ਹਾ ਸਿਹਤ ਅਫਸਰ ਡਾ. ਜਤਿੰਦਰ ਭਾਟੀਆ ਵੱਲੋਂ ਕੀਤੀ ਜਾ ਰਹੀ ਹੈ।

ਇਸ ਤਹਿਤ ਫੂਡ ਸੇਫਟੀ ਅਫਸਰ ਵਿਵੇਕ ਕੁਮਾਰ, ਮਨੀਸ਼ ਸੋਢੀ, ਐਲ.ਟੀ. ਰਾਜਵੀਰ ਕੌਰ ਸਮੇਤ ਟੀਮ ਵੱਲੋਂ ਬੀਤੀ ਸ਼ਾਮ ਹੁਸ਼ਿਆਰਪੁਰ ਸ਼ਹਿਰ ਵਿੱਚ ਫਲ ਅਤੇ ਸਬਜ਼ੀ ਮਾਰਕੀਟਾਂ ਦੀ ਚੈਕਿੰਗ ਕੀਤੀ ਗਈ ਅਤੇ ਸਟ੍ਰੀਟ ਫੂਡ ਵੇਚਣ ਵਾਲੀਆਂ ਰੇਹੜੀਆਂ ਦੀ ਸਫ਼ਾਈ ਅਤੇ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਦੀ ਵੀ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਖਾਸ ਤੌਰ ’ਤੇ ਫਾਸਟ ਫੂਡ ਆਈਟਮਾਂ ਜਿਵੇਂ ਚਾਪ, ਮੋਮੋਜ਼ ਅਤੇ ਨੂਡਲਜ਼ ਆਦਿ ਦੀ ਸਫ਼ਾਈ ਅਤੇ ਗੁਣਵੱਤਾ ਦੀ ਜਾਂਚ ਕੀਤੀ ਗਈ ਕਿਉਂਕਿ ਇਹ ਆਈਟਮ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਵੱਡੀ ਮਾਤਰਾ ਵਿੱਚ ਵਰਤੀਆਂ ਜਾਂਦੀਆਂ ਹਨ। ਇਸ ਦੌਰਾਨ ਫੂਡ ਸੇਫਟੀ ਵੈਨ ਰਾਹੀਂ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ ਅਤੇ ਜਾਗਰੂਕਤਾ ਲਿਟਰੇਚਰ ਵੀ ਵੰਡਿਆ ਗਿਆ।

ਚੈਕਿੰਗ ਦੌਰਾਨ ਖਾਣ-ਪੀਣ ਵਾਲੀਆਂ ਚੀਜ਼ਾਂ ਵੇਚਣ ਵਾਲੇ ਵਿਕਰੇਤਾਵਾਂ ਨੂੰ ਸਾਫ਼-ਸੁਥਰੇ ਮਾਹੌਲ ਵਿੱਚ ਖਾਣਾ ਤਿਆਰ ਕਰਨ ਲਈ ਜਾਗਰੂਕ ਕੀਤਾ ਗਿਆ। ਇਸ ਦੌਰਾਨ ਜਾਗਰੂਕ ਕੀਤਾ ਗਿਆ ਕਿ ਖਾਣਾ ਬਣਾਉਣ ਵਾਲੀਆਂ ਥਾਵਾਂ ਦੀ ਸਫ਼ਾਈ, ਉਪਕਰਣਾਂ ਅਤੇ ਬਰਤਨਾਂ ਨੂੰ ਰੋਗਾਣੂ-ਮੁਕਤ ਰੱਖਣਾ, ਸਾਫ਼ ਪਾਣੀ ਦੀ ਵਰਤੋਂ ਕਰਨੀ ਅਤੇ ਖਾਣਾ ਬਣਾਉਣ ਲਈ ਵਰਤੇ ਜਾਣ ਵਾਲੇ ਤੇਲ ਦੀ ਗੁਣਵੱਤਾ ਦਾ ਖ਼ਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਵਿਕਰੇਤਾਵਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਖਾਧ ਪਦਾਰਥਾਂ ਨੂੰ ਹਮੇਸ਼ਾ ਢੱਕ ਕੇ ਰੱਖਿਆ ਜਾਵੇ ਅਤੇ ਐਫਐਸਐਸਏਆਈ ਦੇ ਨਿਯਮਾਂ ਅਨੁਸਾਰ ਵੈਧ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਰੱਖਣਾ ਲਾਜ਼ਮੀ ਹੈ।

ਇਸ ਮੌਕੇ ਫੂਡ ਵਿਕਰੇਤਾਵਾਂ ਨੂੰ ਸਾਫ਼ ਅਤੇ ਸੁਰੱਖਿਅਤ ਭੋਜਨ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਐਫਐਸਐਸਏਆਈ ਵੱਲੋਂ ਨਿਰਧਾਰਿਤ 12 ਸੁਨਹਿਰੀ ਨਿਯਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਖਾਣਾ ਬਣਾਉਣ ਵਾਲੀਆਂ ਥਾਵਾਂ ਅਤੇ ਉਪਕਰਣਾਂ ਨੂੰ ਸਾਫ਼ ਅਤੇ ਰੋਗਾਣੂ-ਮੁਕਤ ਰੱਖਣਾ ਚਾਹੀਦਾ ਹੈ, ਕੱਚਾ ਮਾਲ ਸਿਰਫ਼ ਐਫਐਸਐਸਏਆਈ ਮਿਆਰਾਂ ਅਨੁਸਾਰ ਅਤੇ ਲਾਇਸੈਂਸਸ਼ੁਦਾ ਵਿਕਰੇਤਾਵਾਂ ਤੋਂ ਹੀ ਪ੍ਰਾਪਤ ਕੀਤਾ ਜਾਣਾ ਚਾਹੀਦਾ ਹੈ ਅਤੇ ਕੱਚੇ, ਅਰਧ-ਪ੍ਰੋਸੈਸ ਕੀਤੇ ਅਤੇ ਤਿਆਰ ਭੋਜਨ ਪਦਾਰਥਾਂ ਨੂੰ ਵੱਖ-ਵੱਖ ਤਰੀਕੇ ਨਾਲ ਸਟੋਰ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸ਼ਾਕਾਹਾਰੀ ਅਤੇ ਮਾਸਾਹਾਰੀ ਭੋਜਨ ਪਦਾਰਥ ਵੱਖਰੇ ਤੌਰ ’ਤੇ ਰੱਖਣ, ਭੋਜਨ ਨੂੰ ਢੁਕਵੇਂ ਤਾਪਮਾਨ ’ਤੇ ਤਿਆਰ ਕਰਨ, ਸਤਹਾਂ ਅਤੇ ਭਾਂਡਿਆਂ ਦੀ ਸਫ਼ਾਈ ਲਈ ਵੱਖਰੇ ਡਸਟਰ ਵਰਤਣ ਅਤੇ ਭੋਜਨ ਦੀ ਰਹਿੰਦ-ਖੂੰਹਦ ਲਈ ਢੱਕੇ ਹੋਏ ਡਸਟਬਿਨ ਰੱਖਣ ਬਾਰੇ ਵੀ ਹਦਾਇਤਾਂ ਦਿੱਤੀਆਂ ਗਈਆਂ। ਖਾਣਾ ਸੰਭਾਲਣ ਤੋਂ ਪਹਿਲਾਂ ਅਤੇ ਬਾਅਦ, ਟਾਇਲਟ ਦੀ ਵਰਤੋਂ ਕਰਨ ਤੋਂ ਬਾਅਦ ਅਤੇ ਖੰਘਣ ਜਾਂ ਛਿੱਕਣ ਤੋਂ ਬਾਅਦ ਹੱਥ ਧੋਣ ਦੀ ਅਹਿਮੀਅਤ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande