ਸ਼੍ਰੋਮਣੀ ਅਕਾਲੀ ਦਲ ਯੂਥ ਅਤੇ ਮਹਿਲਾ ਵਿੰਗ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ
ਔਰਤਾਂ ਨੂੰ ਵਿੱਤੀ ਸਹਾਇਤਾ ਨਾਲੋਂ ਵੱਧ ਇੱਜ਼ਤ ਅਤੇ ਸਨਮਾਨ ਦੀ ਜ਼ਰੂਰਤ - ਨੀਤੀ ਤਲਵਾੜ
ਪੁਤਲਾ ਫੂਕਦੇ ਹੋਏ ਅਕਾਲੀ ਦੇ ਅਹੁਦੇਦਾਰ ਅਤੇ ਵਰਕਰ


ਹੁਸ਼ਿਆਰਪੁਰ, 13 ਮਾਰਚ (ਹਿੰ.ਸ.)। ਗੁਰੂਆਂ ਪੀਰਾਂ ਦੀ ਇਹ ਧਰਤੀ ਜਿੱਥੇ ਦੁਸ਼ਮਣ ਦੀਆਂ ਧੀਆਂ ਭੈਣਾਂ ਨੂੰ ਵੀ ਸਤਿਕਾਰ ਦਿੱਤਾ ਜਾਂਦਾ ਹੈ ਤੇ ਜਦੋਂ ਮੁਗਲਾਂ ਦਾ ਰਾਜ ਸੀ ਉਦੋਂ ਵੀ ਪੰਜਾਬੀਆਂ ਨੇ ਦੇਸ਼ ਦੀਆਂ ਧੀਆਂ ਭੈਣਾਂ ਦੀ ਇੱਜਤ ਲਈ ਕੁਰਬਾਨੀਆਂ ਦਿੱਤੀਆਂ ਪਰ ਅੱਜ ਜਿਹੜੀ ਕੌਮ ਦੁਸ਼ਮਣਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਉਣ ਲਈ ਮਸ਼ਹੂਰ ਹੈ ਉਸ ਕੌਮ ਦੀ ਇੱਜਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੇਰੂ ਖੇਰੂ ਕਰ ਦਿੱਤੀ।

ਉਪਰੋਕਤ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਨੇਤਰੀ ਨਿਤੀ ਤਲਵਾੜ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਅਮਰਿੰਦਰ ਹੁਸੈਨਪੁਰੀ ਦੀ ਪ੍ਰਧਾਨਗੀ ਹੇਠ ਯੂਥ ਅਕਾਲੀ ਦਲ ਵਲੋਂ ਭਗਵੰਤ ਸਿੰਘ ਮਾਨ ਦੇ ਖਿਲਾਫ ਕੀਤੇ ਗਏ ਰੋਸ਼ ਪ੍ਰਦਰਸ਼ਨ ਨੂੰ ਸੰਬੋਧਿਤ ਕਰਦੇ ਹੋਏ ਕਹੇ। ਨੀਤੀ ਤਲਵਾੜ ਨੇ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਔਰਤਾਂ ਨੂੰ ਵਿੱਤੀ ਸਹਾਇਤਾ ਨਾਲੋਂ ਵੱਧ ਇੱਜ਼ਤ ਅਤੇ ਸਨਮਾਨ ਦੀ ਲੋੜ ਹੈ।

ਪ੍ਰਦਰਸ਼ਨ ਦੌਰਾਨ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਹੁਸੈਨਪੁਰੀ ਨੇ ਕਿਹਾ ਪੂਰੇ ਪ੍ਰਦੇਸ਼ ਦੇ ਅੰਦਰ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਹੰਕਾਰ ਦੇ ਚੱਲਦਿਆਂ ਨੌਜਵਾਨਾਂ ਅਤੇ ਔਰਤਾਂ ਦੀ ਭਲਾਈ ਦਾ ਕੋਈ ਕੰਮ ਤਾਂ ਕੀ ਕਰਨਾ ਸੀ ਪਰ ਸਮੇਂ ਸਮੇਂ ਸਿਰ ਉਨ੍ਹਾਂ ਨੂੰ ਜਲੀਲ ਕਰਨ ਦਾ ਮੌਕਾ ਹੱਥੋਂ ਜਾਨ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਵਿਧਾਨ ਸਭਾ ਦੇ ਅੰਦਰ ਇਨ੍ਹਾਂ ਦੇ ਲੀਡਰਾਂ ਵੱਲੋਂ ਜਿਸ ਤਰ੍ਹਾਂ ਵਿਰੋਧੀ ਧਿਰ ਦੇ ਲੀਡਰਾਂ ਦੇ ਪ੍ਰਤੀ ਰਵੱਈਆ ਅਪਣਾਇਆ ਜਾ ਰਿਹਾ ਹੈ ਉਸ ਨਾਲ ਲੋਕਤੰਤਰ ਦੀ ਮਰਿਆਦਾ ਵੀ ਭੰਗ ਹੋਈ ਹੈ। ਉਨ੍ਹਾਂ ਨੌਜਵਾਨਾਂ ਨੂੰ ਲਾਮਬੰਦ ਕਰਦੇ ਹੋਏ ਕਿਹਾ ਕਿ ਅੱਜ ਤੋਂ ਹੀ ਇਸ ਸਰਕਾਰ ਨੂੰ ਚਲਦਾ ਕਰਨ ਲਈ ਕਮਰ ਕੱਸ ਲੈਣ।

ਇਸ ਮੌਕੇ ਜ਼ਿਲਾ ਪ੍ਰਧਾਨ ਦਿਹਾਤੀ ਲਖਵਿੰਦਰ ਲੱਖੀ ਅਤੇ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਕਿਹਾ ਕਿ ਸਰਕਾਰਾਂ ਦਾ ਕੰਮ ਸੰਯਮ ਨਾਲ ਚੱਲਦਾ ਹੈ ਪਰ ਅੱਜ ਪੰਜਾਬ ਲੀਡਰਾਂ ਦੀ ਗੁੰਡਾਗਰਦੀ ਤੋਂ ਤਰਸਤ ਹੈ। ਉਨ੍ਹਾਂ ਕਿਹਾ ਕਿ ਪੂਰੇ ਪ੍ਰਦੇਸ਼ ਅੰਦਰ ਸ਼੍ਰੋਮਣੀ ਅਕਾਲੀ ਦਲ ਹੀ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਬੁਲੰਦ ਕਰ ਰਿਹਾ ਹੈ। ਰੋਸ ਪ੍ਰਦਰਸ਼ਨ ਦੌਰਾਨ ਸਾਬਕਾ ਮੇਅਰ ਪ੍ਰੇਮ ਸਿੰਘ, ਸੰਜੀਵ ਤਲਵਾੜ, ਸ਼ਮਸ਼ੇਰ ਭਾਰਦਵਾਜ, ਭੁਪਿੰਦਰ ਸਿੰਘ ਮਹਿੰਦੀਪੁਰ, ਜਗਤਾਰ ਸਿੰਘ ਨੇ ਵੀ ਸੰਬੋਧਿਤ ਕੀਤਾ। ਰੋਸ ਪ੍ਰਦਰਸ਼ਨ ਦੌਰਾਨ ਸ਼ੰਕਰਾਚਾਰਿਆ ਚੌਂਕ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਵੀ ਸਾੜਿਆ ਗਿਆ। ਇਸ ਮੌਕੇ ਇਸਤਰੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਦੇ ਵਰਕਰ ਨਰਿੰਦਰ ਸਿੰਘ, ਸੁਖਵਿੰਦਰ ਕੌਰ, ਰੋਜ਼ੀ ਵਧਾਵਨ, ਪ੍ਰੀਆ ਸੈਣੀ, ਕ੍ਰਿਸ਼ਨਾ ਥਾਪਰ ਆਦਿ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande