
ਸਮਾਣਾ, 14 ਮਾਰਚ (ਹਿੰ.ਸ.)। ਪੰਜਾਬ ਅੰਦਰ ਅਵਾਰਾ ਕੁੱਤਿਆਂ ਵੱਲੋਂ ਬੱਚਿਆਂ ’ਤੇ ਹਮਲਾ ਕੀਤੇ ਜਾਣ ਦੀਆਂ ਘਟਨਾਵਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਸਮਾਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ 10 ਸਾਲਾ ਮਾਸੂਮ ਨੂੰ ਅਵਾਰਾ ਕੁੱਤਿਆ ਵੱਲੋਂ ਨਿਸ਼ਾਨਾ ਬਣਾਇਆ ਗਿਆ। ਕੁੱਤਿਆਂ ਦੇ ਹਮਲੇ ਕਾਰਨ ਜ਼ਖ਼ਮੀ ਬੱਚੇ ਨੂੰ ਸਿਵਲ ਹਸਪਤਾਲ ਸਮਾਣਾ ਵਿੱਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪਟਿਆਲਾ ਰੈਫਰ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਮਾਣਾ ਦੇ ਪਿੰਡ ਬਦਨਪੁਰ ਵਿੱਚ ਸਵੇਰੇ ਕਰੀਬ 7 ਵਜੇ ਇੱਕ 10 ਸਾਲ ਦਾ ਬੱਚਾ ਪ੍ਰਿਆਂਸ਼, ਜੋ ਕਿ ਦੁੱਧ ਲੈਣ ਜਾ ਰਿਹਾ ਸੀ, ’ਤੇ ਅਚਾਨਕ ਅਵਾਰਾ ਕੁੱਤਿਆਂ ਦੇ ਝੁੰਡ ਹਮਲਾ ਕਰ ਦਿੱਤਾ। ਕੁੱਤਿਆਂ ਨੇ ਬੱਚੇ ਦੀ ਗਰਦਨ, ਕੰਨ ਅਤੇ ਪਿੱਠ 'ਤੇ ਕਈ ਥਾਵਾਂ 'ਤੇ ਕੱਟ ਮਾਰ ਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ। ਘਟਨਾ ਤੋਂ ਬਾਅਦ ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਸਮਾਣਾ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਫਸਟ ਏਡ ਦਿੱਤੀ ਗਈ। ਡਾਕਟਰਾਂ ਮੁਤਾਬਕ ਬੱਚੇ ਦੇ ਸਰੀਰ 'ਤੇ ਕਾਫ਼ੀ ਜ਼ਖਮ਼ ਹਨ ਅਤੇ ਉਸਨੂੰ ਅਗਲੇ ਇਲਾਜ ਲਈ ਪਟਿਆਲਾ ਰੈਫਰ ਕੀਤਾ ਜਾ ਰਿਹਾ ਹੈ।
ਬੱਚੇ ਦੇ ਪਿਤਾ ਰਾਹੁਲ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਕੇ ਹਨ ਅਤੇ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਬਦਾਯੂੰ ਦੇ ਰਹਿਣ ਵਾਲੇ ਹਨ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ