
ਖੰਨਾ, 16 ਮਾਰਚ (ਹਿੰ.ਸ.)। ਹਲਕਾ ਖੰਨਾ ਤੋਂ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਦੇ ਵਾਰਡ ਨੰਬਰ 27 ਦੀ ਖੰਨਾ ਖੁਰਦ ਤੋਂ ਖੱਟੜਾ ਨੂੰ ਜਾਂਦੀ ਲਿੰਕ ਸੜਕ ਨੂੰ ਰੰਗਲਾ ਪੰਜਾਬ ਵਿਕਾਸ ਸਕੀਮ ਤਹਿਤ ਕਰੀਬ 65.15 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ। ਮੰਤਰੀ ਸੌਂਦ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਲੋਕਾਂ ਦੀ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਹਰ ਗਲੀ, ਸੜਕ ਨੂੰ ਇੱਕ-ਇੱਕ ਕਰਕੇ ਪੱਕਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ।
ਤਰੁਨਪ੍ਰੀਤ ਸਿੰਘ ਸੌਂਦ ਨੇ ਨਗਰ ਕੌਂਸਲ ਖੰਨਾ ਦੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਸੜਕ ਨੂੰ ਪੱਕਾ ਕਰਨ ਲਈ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਨੂੰ ਨਿਰਧਾਰਤ ਸਮੇਂ ਅੰਦਰ ਉੱਚ ਗੁਣਵੱਤਾ ਨਾਲ ਪੂਰਾ ਕੀਤਾ ਜਾਵੇ ਅਤੇ ਮੌਕੇ ’ਤੇ ਨਿਯਮਤ ਨਿਗਰਾਨੀ ਯਕੀਨੀ ਬਣਾਈ ਜਾਵੇ। ਮੰਤਰੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਖੰਨਾ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੜਕਾਂ, ਪਾਣੀ, ਸੀਵਰੇਜ ਅਤੇ ਹੋਰ ਜਨ ਸਹੂਲਤਾਂ ਨਾਲ ਜੁੜੇ ਪ੍ਰੋਜੈਕਟਾਂ ਨੂੰ ਤਰਜੀਹ ਦੇ ਆਧਾਰ ’ਤੇ ਪੂਰਾ ਕੀਤਾ ਜਾ ਰਿਹਾ ਹੈ ਤਾਂ ਜੋ ਸ਼ਹਿਰ ਅਤੇ ਪਿੰਡ ਵਾਸੀਆਂ ਨੂੰ ਹਰ ਸਹੂਲਤਾ ਉਪਲਬਧ ਕਰਵਾਈਆਂ ਜਾ ਸਕਣ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਸ਼ਹਿਰਾਂ ਅਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ ਤਾਂ ਜੋ ਹਰ ਸ਼ਹਿਰ ਅਤੇ ਪਿੰਡ ਤਰੱਕੀ ਅਤੇ ਸਹੂਲਤਾਂ ਦੇ ਮਾਮਲੇ ਵਿੱਚ ਮਿਸਾਲ ਬਣ ਸਕੇ। ਇਸ ਮੌਕੇ ਉਨ੍ਹਾਂ ਇਲਾਕੇ ਵਾਸੀਆਂ ਨਾਲ ਹੋਰ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਸਬੰਧੀ ਵੀ ਵਿਚਾਰ ਚਰਚਾ ਕੀਤੀ। ਸੌਂਦ ਨੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਆਮ ਆਦਮੀ ਪਾਰਟੀ 'ਤੇ ਵਿਸ਼ਵਾਸ਼ ਕੀਤਾ ਹੈ ਅਤੇ ਹੁਣ ਉਨ੍ਹਾਂ ਦਾ ਵੀ ਫਰਜ਼ ਬਣਦਾ ਹੈ ਕਿ ਉਨ੍ਹਾਂ ਦਾ ਇਲਾਕਾ ਸਿਹਤ, ਸਿੱਖਿਆ ਤੇ ਵਿਕਾਸ ਪੱਖੋਂ ਬੁਲੰਦੀਆਂ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਉਹ ਅਣਥੱਕ ਮਿਹਨਤ ਨਾਲ ਆਉਣ ਵਾਲੇ ਸਮੇ ਵਿੱਚ ਖੰਨਾ ਸ਼ਹਿਰ ਅਤੇ ਹਲਕੇ ਦੇ ਵਿਕਾਸ ਕਾਰਜ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਲੋਕਾਂ ਦੀਆਂ ਆਸਾ 'ਤੇ ਪੂਰਾ ਉਤਰਨਗੇ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਦੋਰਾਹਾ ਅਤੇ 'ਆਪ' ਦੇ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦਿਹਾਤੀ-2 ਦਰਸ਼ਨ ਸਿੰਘ ਕੂਹਲੀ, ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਰਤਨਹੇੜੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਾਸਟਰ ਅਵਤਾਰ ਸਿੰਘ ਦੈਹਿੜੂ, ਪੀ.ਏ, ਮਹੇਸ਼ ਕੁਮਾਰ, ਕੌਂਸਲਰ ਪਰਮਪ੍ਰੀਤ ਸਿੰਘ ਪੌਪੀ, ਕੌਂਸਲਰ ਰਾਜਿੰਦਰ ਸਿੰਘ ਜੀਤ, ਕੁਲਵੰਤ ਸਿੰਘ ਮਹਿਮੀ, ਜੇ.ਈ ਸੰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਵੀ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ