
ਕਾਹਨੂੰਵਾਨ/ਗੁਰਦਾਸਪੁਰ, 16 ਮਾਰਚ (ਹਿੰ.ਸ.)। ਵਿਧਾਨ ਸਭਾ ਹਲਕਾ ਕਾਦੀਆਂ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਬਲਾਕ ਕਾਹਨੂੰਵਾਨ ਦੀਆਂ ਤਿੰਨ ਗ੍ਰਾਮ ਪੰਚਾਇਤਾਂ ਵੱਲੋਂ 20 ਏਕੜ ਤੱਕ ਜ਼ਮੀਨ ਬਾਇਓ-ਗੈਸ/ਸੀ.ਬੀ.ਜੀ ਪਲਾਂਟ ਲਈ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਜਗਰੂਪ ਸਿੰਘ ਸੇਖਵਾਂ ਨੇ ਅੱਗੇ ਦੱਸਿਆ ਕਿ ਇਹ ਪ੍ਰੋਜੈਕਟ ਕਿਸਾਨਾਂ ਲਈ ਵਾਧੂ ਆਮਦਨ, ਪਰਾਲੀ ਦੇ ਮੁੱਦੇ ਦਾ ਹੱਲ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਆਸੀਸ ਕੁਮਾਰ, ਮੈਨੇਜਿੰਗ ਡਾਇਰੈਕਟਰ ਆਫ ਵਰਬਾਇਓ ਇੰਡੀਆ ਪ੍ਰਾਈਵੇਟ ਲਿਮਟਿਡ ਨਾਲ ਮੁਹਾਲੀ (ਚੰਡੀਗੜ੍ਹ) ਵਿਖੇ ਕਰਵਾਏ 'ਇੰਨਵੈਸਟ ਪੰਜਾਬ ਸੰਮੇਲਨ' ਦੌਰਾਨ ਮੁਲਾਕਾਤ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਆਸੀਸ ਕੁਮਾਰ ਮੈਨੇਜਿੰਗ ਡਾਇਰੈਕਟਰ ਸੰਗਰੂਰ ਦੇ ਵਿੱਚ ਦੇਸ਼ ਦੇ ਸਭ ਤੋਂ ਵੱਡੇ ਬਾਇਓਮੀਥੇਨੇਸ਼ਨ ਆਧਾਰਿਤ ਬਾਇਓ ਫਿਊਲ ਪ੍ਰੋਜੈਕਟਾਂ ਵਿੱਚੋਂ ਇੱਕ ਨੂੰ ਲੀਡ ਕਰ ਰਹੇ ਹਨ, ਜਿਸ ਵਿੱਚ ਪਰਾਲੀ ਵਰਗੇ ਖੇਤੀਬਾੜੀ ਅਵਸ਼ੇਸ਼ ਤੋਂ ਬਾਇਓ-ਸੀ.ਐੱਨ.ਜੀ ਅਤੇ ਆਰਗੈਨਿਕ ਖਾਦ ਤਿਆਰ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਕਾਹਨੂੰਵਾਨ ਵਿਖੇ ਵੀ ਪ੍ਰੋਜੈਕਟ ਲਗਾਉਣ ਲਈ ਹਾਂ ਪੱਖੀ ਹੁੰਗਾਰਾ ਦਿੱਤਾ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਬਾਇਊ ਗੈਸ ਪਲਾਟ ਪ੍ਰੋਜੈਕਟ ਲੱਗਣ ਨਾਲ ਪਰਾਲੀ ਦੇ ਪ੍ਰਬੰਧਕ ਤੇ ਸਾਂਭ ਸੰਭਾਲ ਲਈ ਲਾਹੇਵੰਦ ਹੋਵੇਗਾ। ਇਸ ਨਾਲ ਇਲਾਕੇ ਨੂੰ ਰੋਜ਼ਗਾਰ ਪ੍ਰਾਪਤ ਹੋਵੇਗਾ ਤੇ ਵਾਤਾਵਰਣ ਦੀ ਸ਼ੁੱਧ ਰਹੇਗਾ ਕਿਉਂਕਿ ਇਸ ਇਲਾਕੇ ਵਿਚ ਕਾਫੀ ਰਕਬਾ ਝੋਨੇ ਅੰਦਰ ਤੇ ਕਮਾਦ ਅੰਦਰ ਆਉਂਦਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ