
ਬਟਾਲਾ, 16 ਮਾਰਚ (ਹਿੰ.ਸ.)। ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਸੇਵਾ ਮੁਕਤ ਪੈਨਸ਼ਨਰਾਂ ਦੀ ਸਹੂਲਤ ਅਤੇ ਪਾਰਦਰਸ਼ਤਾ ਲਈ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣਾਂ ਲਾਜ਼ਮੀ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਗਿੰਦਰ ਪਾਲ ਸ਼ਰਮਾ, ਜ਼ਿਲ੍ਹਾ ਖਜ਼ਾਨਾ ਅਫਸਰ ਗੁਰਦਾਸਪੁਰ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਕਈ ਪੈਨਸ਼ਨਰਾਂ ਵੱਲੋਂ ਅਜੇ ਤੱਕ ਵੀ ਬੈਂਕਾਂ ਵਿਚ ਮੈਨੁਅਲ ਸਰਟੀਫਿਕੇਟ ਜਮ੍ਹਾਂ ਕਰਵਾਏ ਗਏ ਹਨ ਜੋ ਕਿ ਮਾਨਤਾ ਪ੍ਰਾਪਤ ਨਹੀਂ ਹੋਣਗੇ। ਆਪਣੀ ਪੈਨਸ਼ਨ ਨੂੰ ਜਾਰੀ ਰੱਖਣ ਲਈ ਇਹ ਡਿਜ਼ੀਟਲ ਸਰਟੀਫਿਕੇਟ ਮਿਤੀ 31 ਮਾਰਚ 2026 ਤੱਕ ਜਮਾ ਕਰਵਾਉਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਡਿਜ਼ੀਟਲ ਲਾਈਫ ਸਰਟੀਫਿਕੇਟ ਸਬੰਧੀ ਸੇਵਾ ਲੈਣ ਲਈ ਪੰਜਾਬ ਸਰਕਾਰ ਵੱਲੋਂ ਇਹ ਸੇਵਾ ਨਜ਼ਦੀਕੀ ਖਜ਼ਾਨਾ ਦਫਤਰ, ਸਬੰਧਤ ਬੈਂਕ ਦੀ ਬ੍ਰਾਂਚ ਸੇਵਾ ਕੇਂਦਰ ਵਿਚ ਉਪਲਬਧ ਹੈ। ਤੁਸੀਂ ਰਾਜ ਸਰਕਾਰ ਦੀ ਘਰ ਬੈਠੇ ਸੇਵਾ ਰਾਹੀ 1076 ਨੰਬਰ 'ਤੇ ਕਾਲ ਕਰਕੇ ਵੀ ਇਸ ਸੁਵਿਧਾ ਦਾ ਲਾਭ ਲੈ ਸਕਦੇ ਹੋ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਹ ਸੁਵਿਧਾ ਘਰ ਬੈਠੇ ਹੀ ਪੈਨਸ਼ਨਰ ਆਪਣੇ ਮੋਬਾਇਲ ਤੋਂ ਜੀਵਨ ਪ੍ਰਮਾਣ ਪੱਤਰਾ ਐਪ ਡਾਊਨਲੋਡ ਕਰਕੇ ਵੀ ਇਹ ਪ੍ਰਕਿਰਿਆ ਪੂਰੀ ਕੀਤੀ ਜਾ ਸਕਦੀ ਹੈ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ