
ਧੂਰੀ, 17 ਮਾਰਚ (ਹਿੰ.ਸ.)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਜੇਕਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹੁੰਦੇ ਤਾਂ ਅੱਜ ਦੇਸ਼ ਦਾ ਨਕਸ਼ਾ ਬਿਲਕੁਲ ਵੱਖਰਾ ਹੁੰਦਾ। ਉਨ੍ਹਾਂ ਨੇ ਸਵਾਲ ਕਰਦਿਆਂ ਕਿਹਾ ਕਿ ਆਜ਼ਾਦੀ ਦੇ ਦਹਾਕਿਆਂ ਬਾਅਦ ਵੀ ਦੇਸ਼ ਵੇਲਾ ਵਿਹਾਅ ਚੁੱਕੇ ਸਿਸਟਮ ਦੇ ਜਾਲ ਵਿੱਚ ਕਿਉਂ ਉਲਝਿਆ ਹੋਇਆ ਹੈ ਜਦਕਿ ਇਸੇ ਸਿਸਟਮ ਤੋਂ ਨਿਜਾਤ ਪਾਉਣ ਲਈ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਇਨਕਲਾਬੀਆਂ ਨੇ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਇਹ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਸਾਲ 2027 ਵਿੱਚ ਵੀ ਆਮ ਆਦਮੀ ਪਾਰਟੀ ਹੀ ਸੱਤਾ ਵਿੱਚ ਆਵੇਗੀ ਕਿਉਂਕਿ ਚਾਰ ਸਾਲਾਂ ਵਿੱਚ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ ਅਤੇ ਵਿਰੋਧੀਆਂ ਕੋਲ ਲੋਕਾਂ ਅੱਗੇ ਜਾਣ ਲਈ ਕੋਈ ਮੁੱਦਾ ਨਹੀਂ ਬਚਿਆ।ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵਾਰੋ-ਵਾਰੀ ਪੰਜਾਬ ਨੂੰ ਲੁੱਟਣ ਤੋਂ ਬਾਅਦ ਹੁਣ ਫੇਰ ਸੱਤਾ ਵਿੱਚ ਆਉਣ ਲਈ ਆਪਸ ਵਿੱਚ ਕਾਟੋ-ਕਲੇਸ਼ ਕਰ ਰਹੀਆਂ ਹਨ। ਉਨ੍ਹਾਂ ਦੀ ਸਰਕਾਰ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਕਾਲੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਦੌਰਾਨ ਸ਼ਹੀਦ ਹੋਏ 750 ਕਿਸਾਨਾਂ ਨੂੰ ਪੰਜਾਬ ਅਜੇ ਭੁੱਲਿਆ ਨਹੀਂ ਹੈ।ਅੱਜ ਨਵੇਂ ਬਣੇ ਸਬ-ਡਿਵੀਜ਼ਨਲ ਹਸਪਤਾਲ ਨੂੰ ਸਮਰਪਿਤ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਲੋਕ-ਪੱਖੀ ਫੈਸਲਿਆਂ ਕਾਰਨ 'ਆਪ' ਸੂਬੇ ਵਿੱਚ ਦੁਬਾਰਾ ਸਰਕਾਰ ਬਣਾਏਗੀ। ਪੰਜਾਬ ਦੇ ਲੋਕ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ 'ਆਪ' ਸਰਕਾਰ ਬਣਾਉਣ ਲਈ ਉਤਾਵਲੇ ਹਨ। ਸਾਲ 2022 ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਤੋਂ ਸੱਤਾ ਸੰਭਾਲਣ ਤੋਂ ਬਾਅਦ ਸਾਡੀ ਸਰਕਾਰ ਨੇ ਕਈ ਲੋਕ-ਪੱਖੀ ਫੈਸਲੇ ਲਏ। ਅਸੀਂ ਚਾਰ ਸਾਲਾਂ ਵਿੱਚ ਆਪਣੇ ਸਾਰੇ ਵਾਅਦੇ ਪਹਿਲਾਂ ਹੀ ਪੂਰੇ ਕਰ ਲਏ ਹਨ ਅਤੇ ਆਉਣ ਵਾਲੇ ਇੱਕ ਸਾਲ ਵਿੱਚ ਅਸੀਂ ਸੂਬੇ ਨੂੰ ਨਵੇਂ ਸਿਖਰ 'ਤੇ ਲੈ ਜਾਵਾਂਗੇ।ਮਾਨ ਨੇ ਕਿਹਾ ਕਿ ਇਨ੍ਹਾਂ ਸਿਆਸੀ ਪਾਰਟੀਆਂ ਵਿਚਕਾਰ ਨਾਪਾਕ ਗਠਜੋੜ ਬਣਿਆ ਹੋਇਆ ਸੀ ਕਿਉਂਕਿ ਉਹ ਸੂਬੇ ਦਾ ਖਜ਼ਾਨਾ ਲੁੱਟਣ ਲਈ ਇਕ-ਦੂਜੇ ਨਾਲ ਹੱਥ ਮਿਲਾ ਲੈਂਦੇ ਸਨ। ਜਦੋਂ ਸੱਤਾ ਵਿੱਚ ਸਨ ਤਾਂ ਇਹ ਪਾਰਟੀਆਂ ਇਕ-ਦੂਜੇ ਦੇ ਗੁਨਾਹਾਂ ਨੂੰ ਲੁਕਾਉਣ ਲਈ ਜਾਣਬੁੱਝ ਕੇ ਅੱਖਾਂ ਫੇਰ ਲੈਂਦੀਆਂ ਸਨ ਅਤੇ ਬਚਾਅ ਕਰ ਲੈਂਦੀਆਂ ਹਨ। ਹਾਲਾਂਕਿ, 'ਆਪ' ਸਰਕਾਰ ਨੇ ਇਹ ਯਕੀਨੀ ਬਣਾਇਆ ਕਿ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਡੱਕਿਆ ਜਾਵੇ।ਵਿਰੋਧੀ ਆਗੂਆਂ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਵੀ ਉਹ ਇਕਮਿਕ ਹਨ। ਚਰਨਜੀਤ ਸਿੰਘ ਚੰਨੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ ਅਤੇ ਹੋਰ ਲੀਡਰ ਮੈਨੂੰ ਨਿਸ਼ਾਨਾ ਬਣਾਉਣ ਵਾਲੀ ਜੁੰਡਲੀ ਵਿੱਚ ਸ਼ਾਮਲ ਹਨ। ਪਹਿਲਾਂ ਇਹ ਆਗੂ ਮੈਨੂੰ ਮਨੋਰੰਜਨ ਕਰਨ ਵਾਲਾ ਦੱਸ ਕੇ ਮੇਰਾ ਮਜ਼ਾਕ ਉਡਾਉਂਦੇ ਸਨ, ਪਰ ਹੁਣ ਉਹ ਡਰ ਦੇ ਮਾਰੇ ਦਿਨ-ਰਾਤ ਮੇਰਾ ਨਾਮ ਜਪਦੇ ਹਨ। 2017 ਵਿੱਚ, ਜਦੋਂ 'ਆਪ' ਨੂੰ ਕਈ ਸੀਟਾਂ ਮਿਲੀਆਂ ਅਤੇ ਉਹ ਵਿਰੋਧੀ ਧਿਰ ਬਣ ਗਈ, ਉਨ੍ਹਾਂ ਨੇ ਕਿਹਾ ਕਿ ਕੁਝ ਨਹੀਂ ਹੋਣ ਵਾਲਾ। ਸਾਲ 2022 ਵਿੱਚ ਉਨ੍ਹਾਂ ਕਿਹਾ ਕਿ ਕੁਝ ਨਹੀਂ ਹੋਵੇਗਾ, ਪਰ ਸਾਡੀ ਸਰਕਾਰ ਨੇ ਲੋਕਾਂ ਦੇ ਹਿੱਤ ਵਿੱਚ ਕਈ ਪਹਿਲਕਦਮੀਆਂ ਕੀਤੀਆਂ। ਹੁਣ ਫਿਰ ਉਹ ਕਹਿੰਦੇ ਹਨ ਕਿ ਸਾਲ 2027 ਵਿੱਚ ਕੁਝ ਨਹੀਂ ਹੋਵੇਗਾ, ਪਰ 'ਆਪ' ਭਾਰੀ ਬਹੁਮਤ ਨਾਲ ਦੁਬਾਰਾ ਸਰਕਾਰ ਬਣਾਏਗੀ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਹਰਪਾਲ ਸਿੰਘ ਚੀਮਾ, ਡਾ. ਬਲਬੀਰ ਸਿੰਘ ਅਤੇ ਬਰਿੰਦਰ ਗੋਇਲ ਵੀ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ