
ਬਟਾਲਾ, 18 ਮਾਰਚ (ਹਿੰ.ਸ.)। ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਐੱਸ.ਐੱਲ ਬਾਵਾ ਡੀ.ਏ.ਵੀ. ਕਾਲਜ, ਬਟਾਲਾ ਵਿਖੇ ਪੰਜਾਬੀ ਮਾਂ-ਬੋਲੀ ਦੇ ਪ੍ਰਸਿੱਧ ਸ਼ਾਇਰ ਅਤੇ ਚਿੰਤਕ ਗੁਰਭਜਨ ਗਿੱਲ ਦੀ ਗ਼ਜ਼ਲ ਪੁਸਤਕ ‘ਮਿਰਗਾਵਲੀ’ ਦੇ ਤੀਸਰੇ ਐਡੀਸ਼ਨ ਦਾ ਲੋਕ-ਅਰਪਣ ਵਿਸ਼ੇਸ਼ ਸਾਹਿਤਕ ਸਮਾਗਮ ਵਿੱਚ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ.) ਵਰਿੰਦਰ ਭਾਟੀਆ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਵੰਤ ਸਿੰਘ ਨੇ ਸਾਂਝੇ ਰੂਪ ਵਿੱਚ ਪੁਸਤਕ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ।
ਪੁਸਤਕ ਬਾਰੇ ਵਿਚਾਰ ਸਾਂਝੇ ਕਰਦਿਆਂ ਪ੍ਰਿੰਸੀਪਲ ਡਾ. ਵਰਿੰਦਰ ਭਾਟੀਆ ਨੇ ਕਿਹਾ ਕਿ ਬਟਾਲਾ ਇਲਾਕੇ ਦੇ ਪਿੰਡ ਬਸੰਤਕੋਟ ਦੇ ਜੰਮਪਲ ਅਤੇ ਲੰਮੇ ਸਮੇਂ ਤੋਂ ਲੁਧਿਆਣਾ ਵੱਸਦੇ ਗੁਰਭਜਨ ਗਿੱਲ ਦੀ ਇਹ ਗ਼ਜ਼ਲ ਪੁਸਤਕ ਪੰਜਾਬੀ ਸਾਹਿਤ ਜਗਤ ਵਿੱਚ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਉਨ੍ਹਾਂ ਕਿਹਾ, ਇਹ ਕਿਤਾਬ “ਮਿਰਗਾਵਲੀ”ਪਾਠਕਾਂ ਨੂੰ ਪੰਜਾਬ ਦੇ ਅਮੀਰ ਸਮਾਜਿਕ, ਸੱਭਿਆਚਾਰਕ ਇਤਿਹਾਸ ਅਤੇ ਰਾਜਨੀਤੀ ਦੀਆਂ ਪਰਤਾਂ ਫਰੋਲਣ ਦੇ ਨਾਲ-ਨਾਲ ਰਵਾਇਤੀ ਸ਼ਬਦਾਵਲੀ ਰਾਹੀਂ ਇਸ਼ਕ-ਮਜ਼ਾਜੀ ਦੀਆਂ ਵਲਗਣਾਂ ਵਿੱਚੋਂ ਕੱਢ ਕੇ ਬ੍ਰਹਿਮੰਡੀ ਸਰੋਕਾਰਾਂ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਵਿਸ਼ਾਲ ਪਾਸਾਰਾਂ ਨਾਲ ਜੋੜਦੀ ਹੈ। ਉਨ੍ਹਾਂ ਗੁਰਭਜਨ ਗਿੱਲ ਦੀਆਂ ਲਿਖਤਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਮਨੁੱਖੀ ਸੰਵੇਦਨਾਵਾਂ ਦੀ ਪੁਸਤਕ ਦੱਸਿਆ।
ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਵੰਤ ਸਿੰਘ ਨੇ ‘ਮਿਰਗਾਵਲੀ’ ਦੇ ਸਾਹਿਤਕ ਮਹੱਤਵ 'ਤੇ ਚਰਚਾ ਕਰਦਿਆਂ ਇਸ ਨੂੰ ਅਜੋਕੇ ਦੌਰ ਦੀ ਇੱਕ ਲੋੜੀਂਦੀ ਵੱਖਰੀ ਤੇ ਵਿਸ਼ੇਸ਼ ਰਚਨਾ ਹੈ। ਉਨ੍ਹਾਂ ਕਿਹਾ ਕਿ ਇਸ ਪੁਸਤਕ ਦਾ ਮੁੱਖ ਬੰਦ ਸੁਰਤਿ ਮੈਗਜ਼ੀਨ ਦੇ ਸੰਪਾਦਕ ਡਾ. ਗੁਰਬੀਰ ਸਿੰਘ ਬਰਾੜ ਨੇ ਲਿਖਿਆ ਹੈ ਅਤੇ ਅੰਤਿਕਾ ਵਿੱਚ ਪ੍ਰਬੁੱਧ ਲੇਖਕ ਵਵਦੀਪ ਸਿੰਘ ਗਿੱਲ ਨੇ ਲੇਖਕ ਦੀਆਂ ਪਿਛਲੇ ਪਚਵੰਜਾ ਸਾਲ ਦੀਆਂ ਸਾਹਿੱਤਕ ਤੇ ਸੱਭਿਆਚਾਰਕ ਪ੍ਰਾਪਤੀਆਂ ਦਾ ਲੇਖਾ ਜੋਖਾ ਪੇਸ਼ ਕੀਤਾ ਹੈ।
ਸਮਾਗਮ ਦੌਰਾਨ ਵਾਇਸ ਪ੍ਰਿੰਸੀਪਲ ਡਾ. ਦਿਨੇਸ਼ ਕੁਮਾਰ ਤੋਂ ਇਲਾਵਾ ਕਾਲਿਜ ਦੇ ਸਟਾਫ ਵਿੱਚੋਂ ਡਾ. ਮੁਨੀਸ਼ ਯਾਦਵ, ਪ੍ਰੋ. ਪਵਨ ਮਲਿਕ, ਡਾ. ਨਵੀਨ ਚੰਦ, ਡਾ. ਸਰੋਜ ਅਤੇ ਪ੍ਰੋ. ਕੁਲਵਿੰਦਰ ਕੌਰ ਨੇ ਵੀ ਪੁਸਤਕ ਦੀ ਆਮਦ 'ਤੇ ਲੇਖਕ ਨੂੰ ਵਧਾਈ ਦਿੱਤੀ। ਬੁਲਾਰਿਆਂ ਨੇ ਕਿਹਾ ਕਿ ਅਜਿਹੀਆਂ ਪੁਸਤਕਾਂ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਵਿੱਚ ਸਹਾਈ ਹੁੰਦੀਆਂ ਹਨ। ਅੰਤ ਵਿੱਚ ਸਮੂਹ ਸਟਾਫ਼ ਵੱਲੋਂ ਪਾਠਕਾਂ ਨੂੰ ਇਸ ਬੇਸ਼ਕੀਮਤੀ ਪੁਸਤਕ ਨੂੰ ਪੜ੍ਹਨ ਦੀ ਅਪੀਲ ਕੀਤੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ