
ਫਰੀਦਕੋਟ, 20 ਮਾਰਚ (ਹਿੰ.ਸ.)। ਐਨ.ਡੀ.ਆਰ.ਐਫ. ਵੱਲੋਂ ਜ਼ਿਲ੍ਹਾ ਮਾਲ ਅਫਸਰ ਲਵਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਸਾਲਾਨਾ ਆਫਤ ਪ੍ਰਬੰਧਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਐਨ.ਜੀ.ਓਜ਼ ਅਤੇ ਲੋਕਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ । 7ਵੀਂ ਬਟਾਲੀਅਨ ਐਨ.ਡੀ.ਆਰ.ਐਫ., ਬਠਿੰਡਾ ਦੇ ਕਮਾਂਡੈਂਟ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਆਫਤ ਸਮੇਂ ਬਚਾਅ ਕੰਮਾਂ ਬਾਰੇ ਸਧਾਰਣ ਤੇ ਸਮਝਣ ਯੋਗ ਤਰੀਕੇ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਤਹਿਸੀਲਦਾਰ ਹਰਸ਼ਵੀਰ ਗੋਇਲ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਆਫਤਾਂ ਤੋਂ ਬਚਣ ਲਈ ਪਹਿਲਾਂ ਤੋਂ ਤਿਆਰੀ ਕਰਨਾ ਬਹੁਤ ਜ਼ਰੂਰੀ ਹੈ ਅਤੇ ਹਰ ਕਿਸੇ ਨੂੰ ਜਾਗਰੂਕ ਰਹਿਣਾ ਚਾਹੀਦਾ ਹੈ। ਪ੍ਰੋਗਰਾਮ ਦੌਰਾਨ ਐਨ.ਡੀ.ਆਰ.ਐਫ. ਦੀ ਟੀਮ ਵੱਲੋਂ ਮੌਕ ਡ੍ਰਿੱਲ (ਅਭਿਆਸ) ਕਰਕੇ ਦਿਖਾਇਆ ਗਿਆ ਕਿ ਕਿਵੇਂ ਕੁਦਰਤੀ ਆਫਤਾਂ ਹੜ੍ਹ, ਅੱਗ ਜਾਂ ਹੋਰ ਹਾਦਸਿਆਂ ਵੇਲੇ ਲੋਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਕਿਵੇਂ ਬਚਾਇਆ ਜਾਂਦਾ ਹੈ। ਇਸ ਮੌਕੇ ਮੌਜੂਦ ਲੋਕਾਂ ਨੂੰ ਕਾਫੀ ਸਿਖਲਾਈ ਮਿਲੀ। ਇਸ ਮੌਕੇ ਲੋਕਾਂ ਨੂੰ ਸਹਾਇਤਾ ਦੇਣ ਅਤੇ ਐਮਰਜੈਂਸੀ ਸਮੇਂ ਮਿਲਜੁਲ ਕੇ ਕੰਮ ਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਰਿਹਰਸਲ ਦਾ ਮੁੱਖ ਉਦੇਸ਼ ਸਰਕਾਰੀ ਵਿਭਾਗਾਂ, ਐਨ.ਡੀ.ਆਰ.ਐਫ. ਅਤੇ ਸਮਾਜਿਕ ਸੰਸਥਾਵਾਂ ਵਿਚਕਾਰ ਤਾਲਮੇਲ ਵਧਾਉਣਾ ਅਤੇ ਆਮ ਲੋਕਾਂ ਨੂੰ ਆਫਤਾਂ ਨਾਲ ਨਜਿੱਠਣ ਲਈ ਤਿਆਰ ਕਰਨਾ ਸੀ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ