
ਅਬੋਹਰ, 01 ਅਪ੍ਰੈਲ (ਹਿੰ.ਸ.)| ਅਬੋਹਰ ਵਿੱਚ ਬੱਸ ਸਟੈਂਡ ਦੇ ਪਿੱਛੇ ਸਥਿਤ ਇੱਕ ਪੀਜੀ ਵਿੱਚ ਰਹਿ ਰਹੀ ਇੱਕ ਨੌਜਵਾਨ ਕੁੜੀ ਦੀ ਲਾਸ਼ ਫੰਦੇ ਨਾਲ ਲਟਕਦੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ 28 ਸਾਲਾ ਗੀਤਾ ਵਜੋਂ ਹੋਈ ਹੈ, ਜੋ ਅਰਨੀਵਾਲਾ ਦੀ ਰਹਿਣ ਵਾਲੀ ਸੀ ਅਤੇ ਅਬੋਹਰ ਦੇ ਸਮਰ ਸਿਨੇਮਾ ਵਿੱਚ ਕੰਮ ਕਰਦੀ ਸੀ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਮੰਗਲਵਾਰ ਦੇਰ ਰਾਤ ਕਰੀਬ ਡੇਢ ਵਜੇ ਸਾਹਮਣੇ ਆਈ। ਦੱਸਿਆ ਜਾ ਰਿਹਾ ਹੈ ਕਿ ਗੀਤਾ ਦਾ ਜਾਣਕਾਰ ਇੱਕ ਨੌਜਵਾਨ ਰਵੀ, ਜੋ ਬਾਲਾਜੀ ਕਾਲੋਨੀ ਅਬੋਹਰ ਦਾ ਨਿਵਾਸੀ ਹੈ, ਰਾਤ ਸਮੇਂ ਪੀਜੀ ‘ਤੇ ਪਹੁੰਚਿਆ। ਉਸਨੇ ਪੀਜੀ ਸੰਚਾਲਿਕਾ ਮੀਨੂ ਅਨੇਜਾ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ ਅਤੇ ਦੱਸਿਆ ਕਿ ਗੀਤਾ ਦੀ ਤਬੀਅਤ ਖਰਾਬ ਹੈ।
ਜਦੋਂ ਪੀਜੀ ਦਾ ਦਰਵਾਜ਼ਾ ਖੋਲ੍ਹਿਆ ਗਿਆ ਅਤੇ ਗੀਤਾ ਦੇ ਕਮਰੇ ਵਿੱਚ ਜਾ ਕੇ ਵੇਖਿਆ ਗਿਆ, ਤਾਂ ਉਹ ਪੱਖੇ ਨਾਲ ਫੰਦੇ ‘ਤੇ ਲਟਕਦੀ ਮਿਲੀ। ਇਸ ਤੋਂ ਬਾਅਦ ਤੁਰੰਤ ਪੀਜੀ ਸੰਚਾਲਿਕਾ ਵੱਲੋਂ ਕੁੜੀ ਦੇ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਥਾਣਾ ਸਿਟੀ 1 ਦੀ ਪੁਲਿਸ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮੋਰਚਰੀ ਵਿੱਚ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀਜੀ ਸੰਚਾਲਿਕਾ ਮੀਨੂ ਅਨੇਜਾ ਨੇ ਦੱਸਿਆ ਕਿ ਗੀਤਾ ਪਿਛਲੇ ਇੱਕ ਸਾਲ ਤੋਂ ਉਨ੍ਹਾਂ ਦੇ ਪੀਜੀ ਵਿੱਚ ਰਹਿ ਰਹੀ ਸੀ ਅਤੇ ਇੱਕ ਹਫ਼ਤਾ ਪਹਿਲਾਂ ਹੀ ਉਸਨੇ ਨੋਰਮਲ ਕਮਰੇ ਦੀ ਥਾਂ ਏਸੀ ਕਮਰਾ ਲਿਆ ਸੀ। ਉਸਨੇ ਦੱਸਿਆ ਕਿ ਮੰਗਲਵਾਰ ਰਾਤ ਕਰੀਬ ਸਾਢੇ 9 ਵਜੇ ਗੀਤਾ ਰੋਜ਼ ਦੀ ਤਰ੍ਹਾਂ ਪੀਜੀ ‘ਚ ਆਈ ਅਤੇ ਕਿਹਾ ਕਿ ਉਹ ਸੌਣ ਜਾ ਰਹੀ ਹੈ। ਮੀਨੂ ਅਨੇਜਾ ਦੇ ਅਨੁਸਾਰ, ਰਾਤ ਕਰੀਬ ਡੇਢ ਵਜੇ ਰਵੀ ਨਾਮਕ ਨੌਜਵਾਨ ਨੇ ਦਰਵਾਜ਼ਾ ਖੜਕਾਇਆ। ਉਸਨੂੰ ਪਹਿਲਾਂ ਗੀਤਾ ਦੇ ਪਿਤਾ ਵੱਲੋਂ ਜਾਣ-ਪਛਾਣ ਦੇ ਤੌਰ ‘ਤੇ ਮਿਲਾਇਆ ਗਿਆ ਸੀ, ਜਿਸ ਕਰਕੇ ਉਸ ‘ਤੇ ਭਰੋਸਾ ਕਰਦਿਆਂ ਦਰਵਾਜ਼ਾ ਖੋਲ੍ਹ ਦਿੱਤਾ ਗਿਆ। ਰਵੀ ਦੇ ਕਹਿਣ ‘ਤੇ ਜਦੋਂ ਕਮਰੇ ਵਿੱਚ ਵੇਖਿਆ ਗਿਆ ਤਾਂ ਗੀਤਾ ਫੰਦੇ ‘ਤੇ ਲਟਕ ਰਹੀ ਸੀ। ਦੂਜੇ ਪਾਸੇ, ਸਿਟੀ 1 ਦੇ ਇੰਚਾਰਜ ਮਨਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਰਵੀ ਅਤੇ ਮ੍ਰਿਤਕ ਦੇ ਵਿਚਕਾਰ ਕੀ ਸੰਬੰਧ ਸਨ ਅਤੇ ਆਤਮ ਹੱਤਿਆ ਦੇ ਪਿੱਛੇ ਕੀ ਕਾਰਨ ਰਹੇ। ਫਿਲਹਾਲ, ਪੁਲਿਸ ਨੇ ਪੀਜੀ ਦਾ ਰਿਕਾਰਡ ਆਪਣੇ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH