
ਮੈਲਬੌਰਨ, 17 ਅਪ੍ਰੈਲ (ਹਿੰ.ਸ.)। ਈਰਾਨੀ ਮਹਿਲਾ ਫੁੱਟਬਾਲਰ ਫਤੇਮੇਹ ਪਾਸਨਦੀਦੇਹ ਅਤੇ ਅਤੇਫੇਹ ਰਮੇਜ਼ਾਨੀਸਾਦੇਹ ਨੇ ਆਸਟ੍ਰੇਲੀਆਈ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਇੱਥੇ ਸੁਰੱਖਿਅਤ ਪਨਾਹ ਮਿਲੀ ਹੈ ਅਤੇ ਉਹ ਆਪਣੀ ਜ਼ਿੰਦਗੀ ਨੂੰ ਦੁਬਾਰਾ ਵਿਵਸਥਿਤ ਕਰਨ ਤੋਂ ਬਾਅਦ ਖੇਡ ਕਰੀਅਰ ਨੂੰ ਦੁਬਾਰਾ ਸ਼ੁਰੂ ਕਰਨ ਦੀ ਉਮੀਦ ਕਰ ਰਹੀਆਂ ਹਨ।
ਮਾਨਵਤਾਵਾਦੀ ਵੀਜ਼ਾ ਪ੍ਰਾਪਤ ਕਰਨ ਤੋਂ ਬਾਅਦ ਆਪਣੀ ਪਹਿਲੀ ਜਨਤਕ ਪ੍ਰਤੀਕਿਰਿਆ ਵਿੱਚ, ਦੋਵਾਂ ਖਿਡਾਰੀਆਂ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਮਿਲੀ ਹਮਦਰਦੀ ਅਤੇ ਸਮਰਥਨ ਨੇ ਉਨ੍ਹਾਂ ਨੂੰ ਸੁਰੱਖਿਅਤ ਭਵਿੱਖ ਦੀ ਉਮੀਦ ਦਿੱਤੀ ਹੈ ਜਿੱਥੇ ਉਹ ਬਿਨਾਂ ਕਿਸੇ ਡਰ ਦੇ ਰਹਿ ਸਕਣ ਅਤੇ ਖੇਡ ਸਕਣ।
ਉਨ੍ਹਾਂ ਕਿਹਾ, ਅਸੀਂ ਆਸਟ੍ਰੇਲੀਆਈ ਸਰਕਾਰ, ਖਾਸ ਕਰਕੇ ਗ੍ਰਹਿ ਮੰਤਰੀ ਟੋਨੀ ਬਰਕ ਦਾ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਨੂੰ ਮਾਨਵਤਾਵਾਦੀ ਸੁਰੱਖਿਆ ਅਤੇ ਇਸ ਸੁੰਦਰ ਦੇਸ਼ ਵਿੱਚ ਸੁਰੱਖਿਅਤ ਪਨਾਹ ਪ੍ਰਦਾਨ ਕੀਤੀ ਹੈ।‘‘
ਦਰਅਸਲ ਆਸਟ੍ਰੇਲੀਆ ਨੇ ਏਸ਼ੀਅਨ ਕੱਪ ਦੌਰਾਨ ਛੇ ਈਰਾਨੀ ਖਿਡਾਰੀਆਂ ਅਤੇ ਇੱਕ ਸਹਾਇਕ ਸਟਾਫ ਮੈਂਬਰ ਨੂੰ ਮਾਨਵਤਾਵਾਦੀ ਵੀਜ਼ਾ ਦੇਣ ਦਾ ਫੈਸਲਾ ਕੀਤਾ ਸੀ। ਇਹ ਕਦਮ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ 'ਤੇ ਹਵਾਈ ਹਮਲੇ ਕਰਨ ਤੋਂ ਬਾਅਦ ਆਇਆ, ਜਿਸ ਨਾਲ ਖਿਡਾਰੀਆਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਵਧ ਗਈਆਂ ਸਨ।
ਹਾਲਾਂਕਿ, ਸਮੂਹ ਦੇ ਪੰਜ ਮੈਂਬਰ ਬਾਅਦ ਵਿੱਚ ਆਪਣਾ ਮਨ ਬਦਲ ਕੇ ਈਰਾਨ ਵਾਪਸ ਆ ਗਏ, ਜਦੋਂ ਕਿ ਫਤੇਮੇਹ ਪਸੰਦੀਦੇਹ ਅਤੇ ਅਤੇਫੇਹ ਰਮੇਜ਼ਾਨੀਸਾਦੇਹ ਆਸਟ੍ਰੇਲੀਆ ਵਿੱਚ ਹੀ ਰਹੀਆਂ।
ਦੋਵੇਂ ਖਿਡਾਰੀ ਪਿਛਲੇ ਮਹੀਨੇ ਤੋਂ ਏ-ਲੀਗ ਮਹਿਲਾ ਟੀਮ ਬ੍ਰਿਸਬੇਨ ਰੋਅਰ ਨਾਲ ਸਿਖਲਾਈ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਧਿਆਨ ਇਸ ਸਮੇਂ ਉਨ੍ਹਾਂ ਦੀ ਸੁਰੱਖਿਆ, ਸਿਹਤ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਵਾਪਸ ਲੀਹ 'ਤੇ ਲਿਆਉਣ 'ਤੇ ਹੈ।
ਉਨ੍ਹਾਂ ਨੇ ਅੱਗੇ ਕਿਹਾ, ਅਸੀਂ ਪੇਸ਼ੇਵਰ ਖਿਡਾਰੀ ਹਾਂ ਅਤੇ ਆਸਟ੍ਰੇਲੀਆ ਵਿੱਚ ਆਪਣੇ ਖੇਡ ਕਰੀਅਰ ਨੂੰ ਜਾਰੀ ਰੱਖਣਾ ਸਾਡਾ ਸੁਪਨਾ ਹੈ।
ਈਰਾਨੀ ਖਿਡਾਰੀਆਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਉਦੋਂ ਉੱਠੀਆਂ ਸਨ, ਜਦੋਂ ਉਨ੍ਹਾਂ ਵਿੱਚੋਂ ਕੁਝ ਨੇ ਏਸ਼ੀਅਨ ਕੱਪ ਮੈਚ ਦੌਰਾਨ ਰਾਸ਼ਟਰੀ ਗੀਤ ਨਹੀਂ ਗਾਇਆ ਸੀ, ਜਿਸ ਕਾਰਨ ਈਰਾਨੀ ਸਰਕਾਰੀ ਟੀਵੀ ਨੇ ਉਨ੍ਹਾਂ ਨੂੰ ਯੁੱਧ ਸਮੇਂ ਦੇ ਗੱਦਾਰ’’ ਕਰਾਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਟੀਮ ਦੇ ਬਾਕੀ ਮੈਂਬਰ ਪਿਛਲੇ ਮਹੀਨੇ ਤੁਰਕੀ ਦੀ ਸਰਹੱਦ ਰਾਹੀਂ ਮੁਸ਼ਕਲ ਯਾਤਰਾ ਤੋਂ ਬਾਅਦ ਈਰਾਨ ਵਾਪਸ ਪਰਤੇ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ