
ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ (ਹਿੰ.ਸ.)|
ਜ਼ਿਲ੍ਹੇ ਵਿੱਚ ਨਗਰ ਕੌਂਸਲ ਦੀ ਹਦੂਦ ਤੋਂ ਬਾਹਰ ਹੋ ਰਹੀਆਂ ਨਜਾਇਜ ਉਸਾਰੀਆਂ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਕਮਰ ਕੱਸ ਲਈ ਹੈ। ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ੍ਰੀ ਮੁਕਤਸਰ ਸਾਹਿਬ ਡੈਵੀ ਗੋਇਲ (ਆਈ.ਏ.ਐਸ.) ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅੱਜ ਇੱਕ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੇ ਹੋਏ ਸ੍ਰੀ ਮੁਕਤਸਰ ਸਾਹਿਬ—ਕੋਟਕਪੂਰਾ ਸਟੇਟ ਹਾਈਵੇ ਉੱਪਰ ਪਿੰਡ ਚੜੇਵਾਨ ਵਿੱਚ ਸਥਿਤ ਤੋਖਾ ਫਾਰਮ ਨੂੰ ਜ਼ਿਲ੍ਹਾ ਟਾਊਨ ਪਲੈਨਰ, ਅਮਨਪ੍ਰੀਤ ਸਿੰਘ ਬਰਾੜ ਦੀ ਅਗਵਾਈ ਹੇਠ ਰੈਗੂਲੇਟਰੀ ਵਿੰਗ ਟੀਮ ਏ.ਟੀ.ਪੀ. ਸਾਹਿਲ ਕੁਮਾਰ, ਜੇ.ਈ. ਬੂਟਾ ਸਿੰਘ ਵੱਲੋਂ ਡਿਊਟੀ ਮੈਜਿਸਟਰੇਟ—ਕਮ—ਨਾਇਬ ਤਹਿਸੀਲਦਾਰ ਅਤੇ ਪੁਲਿਸ ਫੋਰਸ ਦੀ ਮੌਜੂਦਗੀ ਹੇਠ ਅਗਲੇ ਹੁਕਮਾਂ ਤੱਕ ਸੀਲ ਕਰ ਦਿੱਤਾ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ (ਜ) ਨੇ ਸਪੱਸ਼ਟ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਅਣ—ਅਧਿਕਾਰਤ ਉਸਾਰੀਆਂ ਖਿਲਾਫ ਅਜਿਹੀ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਉਸਾਰੀ ਕਰਨ ਤੋਂ ਪਹਿਲਾਂ ਸਬੰਧਿਤ ਵਿਭਾਗ ਤੋਂ ਨਿਯਮਾਂ ਅਨੁਸਾਰ ਮਨਜੂਰੀ ਜਰੂਰ ਲਈ ਜਾਵੇ। ਬਿਨ੍ਹਾਂ ਮਨਜ਼ੂਰੀ ਕੀਤੇ ਕੰਮ ਨਾਲ ਭਵਿੱਖ ਵਿੱਚ ਸੀਲਿੰਗ ਜਾ ਢਾਹੇ ਜਾਣ ਵਰਗੀ ਅਣਸੁਖਾਵੀਂ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਇਸ ਸਖਤੀ ਦਾ ਮਕਸਦ ਸ਼ਹਿਰ ਅਤੇ ਆਲੇ—ਦੁਆਲੇ ਦੇ ਇਲਾਕਿਆਂ ਦਾ ਯੋਜਨਾਬੱਧ ਵਿਕਾਸ ਯਕੀਨੀ ਬਣਾਉਣਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH