
ਪਟਿਆਲਾ, 17 ਅਪ੍ਰੈਲ (ਹਿੰ.ਸ.)। ਪਟਿਆਲਾ ਪੁਲਿਸ ਨੇ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਗੈਂਗਸਟਰ ਬੋਬੀ ਮਾਹੀ ਦੇ ਤਿੰਨ ਸ਼ੂਟਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਮਿਤੀ 17.04.2026 ਨੂੰ ਸੀ.ਆਈ.ਏ ਪਟਿਆਲਾ ਨੂੰ ਗੁਪਤ ਸੂਚਨਾ ਮਿਲੀ ਕਿ ਸਤਵਿੰਦਰ ਸਿੰਘ ਉਰਫ ਸੰਨੀ ਪੁੱਤਰ ਸਰਬਜੀਤ ਸਿੰਘ ਵਾਰਡ ਨੰਬਰ 1 ਨੇੜੇ ਪਟਵਾਰ ਖਾਨਾ ਘਨੌਰ, ਜਸ਼ਨਪ੍ਰੀਤ ਸਿੰਘ ਉਰਫ ਹਕਲਾ ਪੁੱਤਰ ਜਗਦੀਸ਼ ਸਿੰਘ ਵਾਸੀ ਬਘੋਰਾ ਅਤੇ ਦੀਪਕ ਉਰਫ ਦੀਪੂ ਪੁੱਤਰ ਅਸ਼ੋਕ ਕੁਮਾਰ ਵਾਸੀ ਵਾਰਡ ਨੰਬਰ 3 ਨੇੜੇ ਟਰੱਕ ਯੂਨੀਅਨ ਘਨੌਰ ਜ਼ਿਲ੍ਹਾ ਪਟਿਆਲਾ ਜੋ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰ ਬੋਬੀ ਮਾਹੀ ਪੁੱਤਰ ਰਜਿੰਦਰ ਕੁਮਾਰ ਵਾਸੀ ਤਫੱਜਲਪੁਰਾ ਪਟਿਆਲਾ ਦੇ ਲਗਾਤਾਰ ਸੰਪਰਕ ਵਿੱਚ ਹਨ। ਬੋਬੀ ਮਾਹੀ ਵਿਦੇਸ਼ ਵਿੱਚੋਂ ਸੋਸ਼ਲ ਮੀਡੀਆਂ ਰਾਹੀਂ ਸਰਮਾਏਦਾਰ/ਰਸੂਖਦਾਰ ਵਿਅਕਤੀਆਂ ਨੂੰ ਫਿਰੋਤੀ ਦੀਆਂ ਰਕਮਾ ਹਾਸਲ ਕਰਨ ਲਈ ਧਮਕੀਆਂ ਦਿੰਦਾ ਹੈ ਅਤੇ ਆਪਣੇ ਉਕਤ ਸਾਥੀਆਂ ਨੂੰ ਨਸ਼ਾ ਅਤੇ ਅਸਲਾ ਐਮੋਨੀਸਨ ਸਪਲਾਈ ਕਰਦਾ ਹੈ ਅਤੇ ਫਿਰ ਆਪਣੇ ਇਨ੍ਹਾਂ ਉਕਤ ਸ਼ੂਟਰਾਂ ਤੋਂ ਸਰਮਾਏਦਾਰ/ਰਸੂਖਦਾਰ ਵਿਅਕਤੀਆਂ ਦੇ ਘਰਾਂ ਅਤੇ ਵਾਹਨਾਂ ’ਤੇ ਫਾਇਰਿੰਗ ਕਰਵਾ ਕੇ ਫਿਰੌਤੀ ਦੀ ਮੰਗ ਕਰਦਾ ਹੈ ਜਿਸ ਸਬੰਧੀ ਮ:ਨੰ: 70 ਮਿਤੀ 17.04.2026 ਅ/ਧ 310(4),310(2),308(2),308(5),351(2),313,111 ਬੀ.ਐਨ.ਐਸ, 25 ਅਸਲਾ ਐਕਟ ਥਾਣਾ ਸਦਰ ਪਟਿਆਲਾ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਸਤਵਿੰਦਰ ਸਿੰਘ ਉਰਫ ਸੰਨੀ, ਜਸ਼ਨਪ੍ਰੀਤ ਸਿੰਘ ਉਰਫ ਹਕਲਾ ਅਤੇ ਦੀਪਕ ਉਰਫ ਦੀਪੂ ਨੂੰ ਸੁਨਿਆਰਹੇੜੀ ਬੀੜ (ਪਟਿਆਲਾ ਚੀਕਾ ਰੋਡ) ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਨਜਾਇਜ਼ 2 ਪਿਸਟਲ .30 ਬੋਰ ਸਮੇਤ 10 ਜਿੰਦਾ ਰੋਂਦ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਤਿੰਨੋਂ ਵਿਅਕਤੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ ਕਿ ਪਟਿਆਲਾ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਐੱਸ.ਐੱਸ.ਪੀ ਨੇ ਦੱਸਿਆ ਕਿ ਦੋਸ਼ੀਆਂ ਦੀ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਸਤਵਿੰਦਰ ਸਿੰਘ ਉਰਫ ਸੰਨੀ ਉਕਤ ਦਾ ਅਪਰਾਧਿਕ ਪਿਛੋਕੜ ਹੈ ਜਿਸਦੇ ਖਿਲਾਫ ਵੱਖ ਵੱਖ ਜੁਰਮਾਂ ਤਹਿਤ 7 ਮੁਕੱਦਮੇ ਦਰਜ ਹਨ ਅਤੇ ਜੇਲ ਵਿੱਚ ਇਸਦੀ ਜਾਣ ਪਹਿਚਾਣ ਬੋਬੀ ਮਾਹੀ ਉਕਤ ਨਾਲ ਹੋਈ ਸੀ। ਇਹ ਕੁਝ ਸਮਾਂ ਪਹਿਲਾਂ ਹੀ ਜੇਲ ਵਿੱਚੋਂ ਬਾਹਰ ਆਇਆ ਹੈ ਜਿਸਦੇ ਹੋਰ ਵੱਡੇ ਅਪਰਾਧੀਆਂ ਨਾਲ ਵੀ ਸਬੰਧ ਹਨ ਅਤੇ ਇਹ ਬੋਬੀ ਮਾਹੀ ਦੇ ਲਗਾਤਾਰ ਸੰਪਰਕ ਵਿੱਚ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਦਾ ਪੁਲਿਸ ਰਿਮਾਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ