
ਪੁਲਿਸ ਨੇ ਹਥਿਆਰ ਅਤੇ ਮੋਬਾਈਲ ਫੋਨ ਕੀਤੇ ਬਰਾਮਦ
ਹੁਸ਼ਿਆਰਪੁਰ, 18 ਅਪ੍ਰੈਲ (ਹਿੰ.ਸ.)|
ਹੁਸ਼ਿਆਰਪੁਰ ਦੇ ਪਿੰਡ ਨੂਰਪੁਰ ਜੱਟਾਂ ਵਿੱਚ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨਾਲ ਤੋੜਫੋੜ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ 30 ਅਤੇ 31 ਮਾਰਚ 2026 ਦੀ ਦਰਮਿਆਨੀ ਰਾਤ ਥਾਣਾ ਮਾਹਿਲਪੁਰ ਖੇਤਰ ਵਿੱਚ ਵਾਪਰੀ ਸੀ, ਜਿਸ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਸੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੱਸਐੱਸਪੀ ਸੰਦੀਪ ਮਲਿਕ ਦੇ ਨਿਰਦੇਸ਼ਾਂ ‘ਤੇ ਵਿਸ਼ੇਸ਼ ਜਾਂਚ ਟੀਮਾਂ ਬਣਾਈਆਂ ਗਈਆਂ। ਪੁਲਿਸ ਨੇ ਤਕਨੀਕੀ ਜਾਂਚ, ਸੀਸੀਟੀਵੀ ਫੁਟੇਜ ਅਤੇ ਲਗਾਤਾਰ ਛਾਪੇਮਾਰੀ ਰਾਹੀਂ ਦੋਸ਼ੀਆਂ ਦੀ ਪਹਿਚਾਣ ਕੀਤੀ। ਇਸ ਕਾਰਵਾਈ ਦੌਰਾਨ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਦੀ ਪਹਿਚਾਣ ਗੁਰਕੀਰਤ ਸਿੰਘ (26 ਸਾਲ), ਬਨਦੀਪ ਸਿੰਘ (20 ਸਾਲ) ਅਤੇ ਸਾਹਿਲਪ੍ਰੀਤ ਸਿੰਘ (22 ਸਾਲ) ਵਜੋਂ ਹੋਈ ਹੈ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁੱਖ ਮੁਲਜ਼ਮ ਗੁਰਕੀਰਤ ਸਿੰਘ ਸਾਲ 2023 ਵਿੱਚ ਅਮਰੀਕਾ ਗਿਆ ਸੀ, ਜਿੱਥੇ ਉਹ ਇੱਕ ਕੱਟੜਪੰਥੀ ਨੈੱਟਵਰਕ ਦੇ ਸੰਪਰਕ ਵਿੱਚ ਆਇਆ। ਪੁਲਿਸ ਮੁਤਾਬਕ, ਇਸ ਘਟਨਾ ਨੂੰ ਅੰਜਾਮ ਦੇਣ ਲਈ ਦੋਸ਼ੀਆਂ ਨੂੰ ਕਰੀਬ 50 ਹਜ਼ਾਰ ਰੁਪਏ ਦਿੱਤੇ ਗਏ ਸਨ ਅਤੇ ਘਟਨਾ ਦਾ ਵੀਡੀਓ ਬਣਾ ਕੇ ਆਪਣੇ ਹੈਂਡਲਰ ਨੂੰ ਭੇਜਿਆ ਗਿਆ, ਜੋ ਬਾਅਦ ਵਿੱਚ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਗਿਆ, ਜਿਸ ਨਾਲ ਇਲਾਕੇ ਵਿੱਚ ਤਣਾਅ ਹੋਰ ਵੱਧ ਗਿਆ।
ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਨੇ ਸਮਾਜ ਵਿੱਚ ਨਫਰਤ ਅਤੇ ਅਸ਼ਾਂਤੀ ਫੈਲਾਉਣ ਦੀ ਨੀਅਤ ਨਾਲ ਇਹ ਕਾਰਵਾਈ ਕੀਤੀ। ਘਟਨਾ ਵਿੱਚ ਵਰਤੀ ਗਈ ਆਲਟੋ ਕੇ-10 ਕਾਰ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਇੱਕ ਲੋਹੇ ਦੀ ਰਾਡ ਅਤੇ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੀ ਵਰਤੋਂ ਘਟਨਾ ਦੌਰਾਨ ਕੀਤੀ ਗਈ ਸੀ।
ਐੱਸਐੱਸਪੀ ਹੁਸ਼ਿਆਰਪੁਰ ਨੇ ਸਪੱਸ਼ਟ ਕੀਤਾ ਹੈ ਕਿ ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਅਤੇ ਸਮਾਜ ਵਿੱਚ ਨਫਰਤ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਫਵਾਹਾਂ ਤੋਂ ਬਚਿਆ ਜਾਵੇ ਅਤੇ ਇਲਾਕੇ ਵਿੱਚ ਸ਼ਾਂਤੀ ਬਣਾਈ ਰੱਖੀ ਜਾਵੇ। ਪੁਲਿਸ ਇਸ ਮਾਮਲੇ ਨਾਲ ਜੁੜੇ ਹੋਰ ਲੋਕਾਂ ਅਤੇ ਨੈੱਟਵਰਕ ਦੀ ਵੀ ਜਾਂਚ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH