
ਫਾਜ਼ਿਲਕਾ, 18 ਅਪ੍ਰੈਲ (ਹਿੰ.ਸ.)। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਕਵਿਤਾ ਸਿੰਘ ਸਿਵਲ ਸਰਜਨ ਅਤੇ ਡਾ. ਰਿੰਕੂ ਚਾਵਲਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਦੀ ਦੇਖ ਰੇਖ ਵਿੱਚ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਵਿਸ਼ਵ ਹੀਮੋਫੀਲੀਆ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਸਬੰਧੀ ਡਾ. ਕਵਿਤਾ ਸਿੰਘ ਸਿਵਲ ਸਰਜਨ ਵੱਲੋਂ ਦਫਤਰ ਸਿਵਲ ਸਰਜਨ ਵਿਖੇ ਜਾਗਰੂਕਤਾ ਪ੍ਰਿੰਟ ਮੈਟੀਰੀਅਲ ਰਿਲੀਜ਼ ਕੀਤਾ ਗਿਆ ਅਤੇ ਦੱਸਿਆ ਕਿ ਇਹ ਦਿਨ ਮਨਾਉਣ ਦਾ ਮਕਸਦ ਲੋਕਾਂ ਨੂੰ ਹੀਮੋਫੀਲੀਆ ਤੋਂ ਬਚਣ ਸਬੰਧੀ ਜਾਗਰੂਕ ਕਰਨਾ ਹੈ ਅਤੇ ਹੀਮੋਗਲੋਬਿਨੋਪੈਥੀ ਤੇ ਹੀਮੋਫੀਲੀਆ ਤੋਂ ਪੀੜਤ ਵਿਅਕਤੀਆਂ ਨੂੰ ਸਿਹਤ ਸਿੱਖਿਆ ਪ੍ਰਦਾਨ ਕਰਨਾ, ਸਿਹਤਮੰਦ ਜੀਵਨ ਜਿਊਣ ਲਈ ਗਿਆਨ ਨਾਲ ਲੈਸ ਕਰਨਾ ਤੇ ਜਾਣਕਾਰੀ ਦੇ ਆਦਾਨ-ਪ੍ਰਦਾਨ ਨੂੰ ਯਕੀਨੀ ਬਣਾਉਣਾ ਅਤੇ ਹੀਮੋਗਲੋਬਿਨੋਪੈਥੀ ਨਾਲ ਸਬੰਧਤ ਮੁੱਦਿਆਂ ਤੇ ਧਿਆਨ ਕੇਂਦਰਿਤ ਕਰਨਾ ਹੈ।
ਇਸ ਮੌਕੇ ਡਾ. ਰਿੰਕੂ ਚਾਵਲਾ, ਡਾ. ਉਪਿੰਦਰ, ਡਾ. ਰਾਜਵੀਰ ਕੰਬੋਜ਼, ਵਿਨੋਦ ਖੁਰਾਣਾ ਦਿਵਸ਼ ਕੁਮਾਰ, ਮੋਹਿਤ ਕੁਮਾਰ, ਸੁਖਦੇਵ ਸਿੰਘ ਹਾਜ਼ਰ ਸਨ। ਜਾਣਕਾਰੀ ਦਿੰਦਿਆਂ ਡਾ. ਰਿੰਕੂ ਚਾਵਲਾ ਨੇ ਦੱਸਿਆ ਕਿ ਹੀਮੋਫੀਲੀਆ ਦੇ ਲੱਛਣਾਂ ਵਿੱਚ ਆਮ ਸੱਟ ਅਤੇ ਡੂੰਘੀ ਸੱਟ ਲੱਗਣ ਤੋਂ ਬਾਅਦ ਦੇਰ ਤੱਕ ਖੂਨ ਦਾ ਲਗਾਤਾਰ ਵਗਣਾ, ਨੱਕ ਵਿੱਚੋਂ ਖੂਨ ਵਗਣਾ ਅਤੇ ਆਸਾਨੀ ਨਾਲ ਨਾ ਰੁਕਣਾ, ਸਰੀਰ ਦੇ ਵੱਖ-ਵੱਖ ਜੋੜਾਂ ਵਿਚ ਦਰਦ, ਸੋਜ ਅਤੇ ਖ਼ੂਨ ਵਗਦਾ ਹੋਣਾ, ਸਰੀਰ ਦੇ ਕਿਸੇ ਵੀ ਹਿੱਸੇ ਵਿਚ ਅਚਾਨਕ ਸੋਜ ਹੋਣਾ, ਪਿਸ਼ਾਬ ਅਤੇ ਪਖਾਨਾ ਵਿਚ ਖੂਨ ਆਉਣਾ ਅਤੇ ਮਸੂੜਿਆਂ ਅਤੇ ਦੰਦਾਂ ਵਿੱਚੋਂ ਖੂਨ ਆਉਣਾ ਸ਼ਾਮਲ ਹਨ। ਇਸ ਬਿਮਾਰੀ ਦਾ ਸਮੇਂ ’ਤੇ ਇਲਾਜ ਨਾ ਹੋਣ ਦੀ ਸੂਰਤ ਵਿਚ ਪੀੜਤ ਦੀ ਜਾਨ ਦਾ ਜੋਖ਼ਮ ਵਧ ਸਕਦਾ ਹੈ। ਇਸ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਪੂਰੀ ਜ਼ਿੰਦਗੀ ਆਪਣੀ ਸਿਹਤ ਦੀ ਦੇਖਭਾਲ ਅਤੇ ਨਿਯਮਤ ਨਿਗਰਾਨੀ ਕਰਨ ਦੀ ਜ਼ਰੂਰਤ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਜ਼ਿਲ੍ਹਾ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿੱਚ ਹੀਮੋਫੀਲੀਆ ਜਾਂਚ ਅਤੇ ਇਲਾਜ ਉਪਲੱਬਧ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ