
ਇੰਫਾਲ, 26 ਅਪ੍ਰੈਲ (ਹਿੰ.ਸ.)। ਮਨੀਪੁਰ ਪੁਲਿਸ ਨੇ ਗ੍ਰੇਟਰ ਇੰਫਾਲ ਖੇਤਰ ਵਿੱਚ ਜਨਤਕ ਸ਼ਾਂਤੀ ਭੰਗ ਕਰਨ, ਹਿੰਸਾ ਭੜਕਾਉਣ ਅਤੇ ਕਾਨੂੰਨ ਵਿਵਸਥਾ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਵਿੱਚ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਸ਼ਨੀਵਾਰ ਨੂੰ ਇਲਾਕੇ ਵਿੱਚ ਸ਼ਾਂਤੀ ਬਹਾਲ ਕਰਨ ਅਤੇ ਕਿਸੇ ਵੀ ਹੋਰ ਅਸ਼ਾਂਤੀ ਨੂੰ ਰੋਕਣ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ਵਿਸ਼ੇਸ਼ ਅਭਿਆਨ ਦੇ ਹਿੱਸੇ ਵਜੋਂ ਕੀਤੀ।
ਐਤਵਾਰ ਨੂੰ ਮਨੀਪੁਰ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਯੁਮਨਮ ਸੋਮਨਾਥ ਉਰਫ਼ ਨੋਂਗਸਾਬਾ (21), ਨਿੰਗਥੌਜਮ ਪ੍ਰੇਮ ਸਿੰਘ (25), ਸੋਰੋਖਾਇਬਾਮ ਰੁਸਤਮ (25), ਨਗਾਇਰੰਗਬਾਮ ਯਾਈਖੋਮਬਾ (25), ਵਾਂਗਖੇਮ ਇੰਗੋ ਮੇਈਤੇਈ (30) ਅਤੇ ਮੋਇਰੰਗਥੇਮ ਨਾਓਬਾ ਮੇਈਤੇਈ (24) ਵਜੋਂ ਹੋਈ ਹੈ।
ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਸਾਰੇ ਮੁਲਜ਼ਮ ਕਥਿਤ ਤੌਰ 'ਤੇ ਗ੍ਰੇਟਰ ਇੰਫਾਲ ਦੇ ਕੁਝ ਸੰਵੇਦਨਸ਼ੀਲ ਇਲਾਕਿਆਂ ਵਿੱਚ ਹਿੰਸਕ ਗਤੀਵਿਧੀਆਂ ਅਤੇ ਅਸ਼ਾਂਤੀ ਵਿੱਚ ਸ਼ਾਮਲ ਸਨ। ਇਨ੍ਹਾਂ ਗਤੀਵਿਧੀਆਂ ਨੇ ਇਲਾਕੇ ਵਿੱਚ ਤਣਾਅ ਪੈਦਾ ਕੀਤਾ ਅਤੇ ਕਾਨੂੰਨ ਵਿਵਸਥਾ ਨੂੰ ਪ੍ਰਭਾਵਿਤ ਕੀਤਾ।
ਸਥਿਤੀ ਨੂੰ ਕਾਬੂ ਕਰਨ ਲਈ, ਪ੍ਰਸ਼ਾਸਨ ਨੇ ਪ੍ਰਭਾਵਿਤ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਸੁਰੱਖਿਆ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਅਤੇ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਾਧੂ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।
ਪੁਲਿਸ ਨੇ ਇਹ ਵੀ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਇਨ੍ਹਾਂ ਘਟਨਾਵਾਂ ਵਿੱਚ ਕੋਈ ਵੱਡਾ ਨੈੱਟਵਰਕ ਜਾਂ ਹੋਰ ਵਿਅਕਤੀ ਸ਼ਾਮਲ ਹਨ। ਜਾਂਚ ਏਜੰਸੀਆਂ ਮਾਮਲੇ ਦੇ ਹਰ ਪਹਿਲੂ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ।
ਪ੍ਰਸ਼ਾਸਨ ਨੇ ਜਨਤਾ ਨੂੰ ਸ਼ਾਂਤੀ ਬਣਾਈ ਰੱਖਣ, ਅਫਵਾਹਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਅਸ਼ਾਂਤੀ ਭੜਕਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ