
ਚੰਡੀਗੜ੍ਹ, 01 ਮਈ (ਹਿੰ.ਸ.)| ਪੰਜਾਬ ਵਿੱਚ ਆਵਾਰਾ ਕੁੱਤਿਆਂ ਦੇ ਵਧਦੇ ਖਤਰੇ ਨੂੰ ਦੇਖਦਿਆਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਸਾਰੇ ਨਗਰ ਨਿਗਮ ਕਮਿਸ਼ਨਰਾਂ ਅਤੇ ਵਧੀਕ ਡਿਪਟੀ ਕਮਿਸ਼ਨਰਾਂ (ਜੀ ਐਂਡ ਯੂਡੀ) ਨੂੰ ਤੁਰੰਤ, ਤਾਲਮੇਲ ਅਤੇ ਨਤੀਜਾ-ਮੁਖੀ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਇਸ ਮਾਮਲੇ ਨੂੰ ਗੰਭੀਰ ਜਨਤਕ ਸੁਰੱਖਿਆ ਅਤੇ ਸਿਹਤ ਨਾਲ ਜੁੜਿਆ ਹੋਇਆ ਦੱਸਦਿਆਂ ਕਿਹਾ ਕਿ ਸ਼ਹਿਰੀ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਆਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ਲੋਕਾਂ ਲਈ ਵੱਡੀ ਚੁਣੌਤੀ ਬਣ ਰਹੀ ਹੈ।
ਮੰਤਰੀ ਨੇ ਕਿਹਾ ਕਿ ਕੁੱਤਿਆਂ ਦੇ ਕੱਟਣ, ਬੱਚਿਆਂ ਅਤੇ ਬਜ਼ੁਰਗਾਂ ‘ਤੇ ਹਮਲਿਆਂ ਅਤੇ ਗਲੀਆਂ ਵਿੱਚ ਘੁੰਮਦੇ ਝੁੰਡਾਂ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਰਿਹਾ ਹੈ। ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਕੁੱਤਿਆਂ ਦੇ ਕੱਟਣ ਨਾਲ ਰੇਬੀਜ਼ ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਖਤਰਾ ਵਧਦਾ ਹੈ, ਜਿਸ ਕਾਰਨ ਇਹ ਮਾਮਲਾ ਸਿਰਫ਼ ਸੁਰੱਖਿਆ ਹੀ ਨਹੀਂ ਸਗੋਂ ਜਨਤਕ ਸਿਹਤ ਨਾਲ ਵੀ ਗਹਿਰਾਈ ਨਾਲ ਜੁੜਿਆ ਹੋਇਆ ਹੈ।
ਸੰਜੀਵ ਅਰੋੜਾ ਨੇ ਦੱਸਿਆ ਕਿ ਆਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਦੇ ਪਿੱਛੇ ਮੁੱਖ ਕਾਰਨ ਨਸਬੰਦੀ ਪ੍ਰੋਗਰਾਮਾਂ ਦੀ ਘਾਟ ਅਤੇ ਗਲਤ ਕੂੜਾ ਪ੍ਰਬੰਧਨ ਹੈ। ਖੁੱਲ੍ਹੇ ਕੂੜੇ ਦੇ ਢੇਰ ਅਤੇ ਭੋਜਨ ਦੀ ਰਹਿੰਦ-ਖੂੰਹਦ ਆਵਾਰਾ ਕੁੱਤਿਆਂ ਨੂੰ ਵਧਣ ਲਈ ਪ੍ਰੋਤਸਾਹਿਤ ਕਰਦੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਨਸਬੰਦੀ ਮੁਹਿੰਮਾਂ ਨੂੰ ਵਧਾਉਣ ਅਤੇ ਵੱਡੇ ਪੱਧਰ ‘ਤੇ ਟੀਕਾਕਰਨ ਕਰਵਾਉਣ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਹਮਲਾਵਰ ਜਾਂ ਜ਼ਖਮੀ ਜਾਨਵਰਾਂ ਲਈ ਆਸਰਾ-ਘਰਾਂ ਨੂੰ ਮਜ਼ਬੂਤ ਕਰਨ, ਕੂੜੇ ਦੇ ਸਮੇਂ ਸਿਰ ਨਿਪਟਾਰੇ ਨੂੰ ਯਕੀਨੀ ਬਣਾਉਣ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਪ੍ਰਣਾਲੀ ਨੂੰ ਸੁਧਾਰਨ ‘ਤੇ ਜ਼ੋਰ ਦਿੱਤਾ। ਜ਼ਿਲ੍ਹਾ ਅਤੇ ਸ਼ਹਿਰ ਪੱਧਰ ‘ਤੇ ਨਿਗਰਾਨੀ ਟੀਮਾਂ ਬਣਾਕੇ ਨਿਯਮਿਤ ਸਮੀਖਿਆ ਕਰਨ ਦੇ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ।
ਮੰਤਰੀ ਨੇ ਕਿਹਾ ਕਿ ਜਨਤਾ ਵਿੱਚ ਜਾਗਰੂਕਤਾ ਫੈਲਾਉਣ ਲਈ ਮੁਹਿੰਮਾਂ ਚਲਾਈਆਂ ਜਾਣ ਤਾਂ ਜੋ ਲੋਕ ਆਵਾਰਾ ਜਾਨਵਰਾਂ ਨਾਲ ਸੁਰੱਖਿਅਤ ਵਿਵਹਾਰ ਅਤੇ ਸਹੀ ਕੂੜਾ ਨਿਪਟਾਰਾ ਅਪਣਾਉਣ। ਉਨ੍ਹਾਂ ਸਪਸ਼ਟ ਕੀਤਾ ਕਿ ਸਾਰੇ ਕਦਮ ਜਾਨਵਰ ਭਲਾਈ ਨਿਯਮਾਂ ਅਨੁਸਾਰ ਹੀ ਲਾਗੂ ਕੀਤੇ ਜਾਣ ਅਤੇ ਜਨਤਕ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ। ਸੰਜੀਵ ਅਰੋੜਾ ਨੇ ਸਾਰੇ ਸੰਬੰਧਤ ਅਧਿਕਾਰੀਆਂ ਨੂੰ ਸੱਤ ਦਿਨਾਂ ਵਿੱਚ ਵਿਸਥਾਰਿਤ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਅਤੇ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH