
ਗੜ੍ਹਸ਼ੰਕਰ, 17 ਮਈ (ਹਿੰ.ਸ.)। ਮਿਊਂਸੀਪਲ ਕਮੇਟੀ ਚੋਣਾਂ ਦੇ ਮੱਦੇਨਜ਼ਰ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਗੜ੍ਹਸ਼ੰਕਰ ਵਿੱਚ ਆਪਣੀ ਸਿਆਸੀ ਸਰਗਰਮੀ ਤੇਜ਼ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਚੋਣਾਂ ਲਈ ਬਸਪਾ ਦੇ 9 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਇਸ ਸਬੰਧੀ ਬਸਪਾ ਦੇ ਸੀਨੀਅਰ ਆਗੂ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਿਨਾਂ ਕਿਸੇ ਡਰ, ਭੈਅ ਜਾਂ ਲਾਲਚ ਦੇ, ਪੂਰੀ ਤਰ੍ਹਾਂ ਬੇਖ਼ੌਫ਼ ਹੋ ਕੇ ਆਪਣੇ ਵੋਟ ਦੇ ਸੰਵਿਧਾਨਕ ਅਧਿਕਾਰ ਦਾ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਵੋਟ ਸਭ ਤੋਂ ਵੱਡੀ ਤਾਕਤ ਹੈ ਅਤੇ ਸ਼ਹਿਰ ਦੀ ਤਕਦੀਰ ਬਦਲਣ ਲਈ ਸਹੀ ਉਮੀਦਵਾਰਾਂ ਦੀ ਚੋਣ ਜ਼ਰੂਰੀ ਹੈ।
ਕਰੀਮਪੁਰੀ ਨੇ 'ਪੰਜਾਬ ਸੰਭਾਲੋ ਮੂਵਮੈਂਟ' ਦਾ ਜ਼ਿਕਰ ਕਰਦਿਆਂ ਕਿਹਾ ਕਿ ਬਸਪਾ ਦਾ ਮੁੱਖ ਮਕਸਦ ਇਲਾਕੇ ਦਾ ਸਰਵਪੱਖੀ ਵਿਕਾਸ ਕਰਨਾ ਹੈ। ਉਨ੍ਹਾਂ ਨੇ ਗੜ੍ਹਸ਼ੰਕਰ ਸ਼ਹਿਰ ਦੀ ਮੌਜੂਦਾ ਹਾਲਤ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਥਾਨਕ ਨਗਰ ਕੌਂਸਲ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿੱਚ ਵੀ ਨਾਕਾਮ ਰਹੀ ਹੈ। ਬਸਪਾ ਜਿੱਤ ਕੇ ਗੜ੍ਹਸ਼ੰਕਰ ਨੂੰ ਇੱਕ ਆਧੁਨਿਕ ਅਤੇ ਸੁੰਦਰ ਸ਼ਹਿਰ ਵਜੋਂ ਵਿਕਸਿਤ ਕਰੇਗੀ, ਜਿਸ ਤਹਿਤ ਹੇਠ ਲਿਖੇ ਮੁੱਦਿਆਂ 'ਤੇ ਪਹਿਲ ਦੇ ਆਧਾਰ 'ਤੇ ਕੰਮ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਦਰੁਸਤ ਕੀਤਾ ਜਾਵੇਗਾ ਅਤੇ ਕੂੜੇ ਦੇ ਨਿਪਟਾਰੇ ਲਈ ਠੋਸ ਪ੍ਰਬੰਧ ਕੀਤੇ ਜਾਣਗੇ। ਸ਼ਹਿਰ ਦੀਆਂ ਟੁੱਟੀਆਂ ਸੜਕਾਂ ਅਤੇ ਗਲੀਆਂ ਦੀ ਨਵਿਆਉਣ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਅਤੇ ਬਾਰਿਸ਼ ਦੇ ਦਿਨਾਂ ਵਿੱਚ ਹੁੰਦੇ ਜਲ-ਥਲ ਤੋਂ ਨਿਜਾਤ ਦਿਵਾਉਣ ਲਈ ਸੀਵਰੇਜ ਤੇ ਨਿਕਾਸੀ ਸਿਸਟਮ ਨੂੰ ਅਪਗ੍ਰੇਡ ਕੀਤਾ ਜਾਵੇਗਾ। ਹਰ ਘਰ ਤੱਕ ਸਾਫ਼ ਪੀਣ ਵਾਲਾ ਪਾਣੀ ਪਹੁੰਚਾਉਣਾ ਅਤੇ ਸ਼ਹਿਰ ਦੇ ਹਰ ਵਾਰਡ ਵਿੱਚ ਸਟਰੀਟ ਲਾਈਟਾਂ ਦਾ ਮੁਕੰਮਲ ਪ੍ਰਬੰਧ ਕਰਕੇ ਸ਼ਹਿਰ ਨੂੰ ਰੋਸ਼ਨ ਕਰਨਾ ਸਾਡੀ ਤਰਜੀਹ ਹੋਵੇਗੀ। ਮਿਊਂਸੀਪਲ ਕਮੇਟੀ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇਗੀ ਤਾਂ ਜੋ ਆਮ ਲੋਕਾਂ ਨੂੰ ਆਪਣੇ ਨਕਸ਼ੇ ਪਾਸ ਕਰਵਾਉਣ ਜਾਂ ਹੋਰ ਸਰਕਾਰੀ ਕੰਮਾਂ ਲਈ ਖ਼ੁਆਰ ਨਾ ਹੋਣਾ ਪਵੇ।
ਇਹ ਮੌਕੇ ’ਤੇ ਗੜ੍ਹਸ਼ੰਕਰ ਵਿਧਾਨ ਸਭਾ ਦੇ ਇੰਚਾਰਜ ਬਖਸ਼ੀਸ਼ ਭੀਮ, ਇੰਚਾਰਜ ਅਸ਼ੋਕ ਬੜੇਸਰੋ, ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਪ੍ਰਧਾਨ ਮਾ. ਮਲਕੀਤ ਸਿੰਘ, ਬਸਪਾ ਆਗੂ ਰਵਿੰਦਰ ਬੀੜਾ, ਸੁਖਵਿੰਦਰ ਡਗਾਮ, ਕਸ਼ਮੀਰ ਸਿੰਘ, ਸੁਰਿੰਦਰ ਸਿੰਘ ਸ਼ਿੰਦਾ, ਸੰਤੋਖ ਸਿੰਘ, ਪੀ. ਐਲ. ਸੂਦ, ਜੋਗਿੰਦਰ ਸਿੰਘ, ਚਮਨ ਲਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਸਪਾ ਆਗੂ, ਅਹੁਦੇਦਾਰ ਅਤੇ ਸਮਰਥਕ ਹਾਜ਼ਰ ਸਨ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ