ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਐਨ.ਆਈ.ਐੱਸ. ਅਗਜੈਕਟਿਵ ਡਾਇਰੈਕਟਰ ਨਾਲ ਮਹੱਤਵਪੂਰਨ ਮੀਟਿੰਗ
ਪਟਿਆਲਾ, 20 ਮਈ (ਹਿੰ.ਸ.)। ਪੰਜਾਬ ਵਿੱਚ ਸਾਈਕਲਿੰਗ ਖੇਡ ਨੂੰ ਹੋਰ ਮਜ਼ਬੂਤ ਅਤੇ ਵਿਸ਼ਵ ਪੱਧਰ ''ਤੇ ਮੁਕਾਬਲੇਯੋਗ ਬਣਾਉਣ ਦੇ ਉਦੇਸ਼ ਨਾਲ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਵੱਲੋਂ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਐ
ਐਨ.ਆਈ.ਐੱਸ. ਅਗਜੈਕਟਿਵ ਡਾਇਰੈਕਟਰ ਨਾਲ  ਮੀਟਿੰਗ ਦੌਰਾਨ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਨੁਮਾਇੰਦੇ


ਪਟਿਆਲਾ, 20 ਮਈ (ਹਿੰ.ਸ.)। ਪੰਜਾਬ ਵਿੱਚ ਸਾਈਕਲਿੰਗ ਖੇਡ ਨੂੰ ਹੋਰ ਮਜ਼ਬੂਤ ਅਤੇ ਵਿਸ਼ਵ ਪੱਧਰ 'ਤੇ ਮੁਕਾਬਲੇਯੋਗ ਬਣਾਉਣ ਦੇ ਉਦੇਸ਼ ਨਾਲ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਵੱਲੋਂ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਐਨ.ਆਈ.ਐਸ.), ਪਟਿਆਲਾ ਦੇ ਸੀਨੀਅਰ ਅਗਜ਼ੈਕਟਿਵ ਡਾਇਰੈਕਟਰ (ਈ.ਡੀ.) ਵਨੀਤ ਕੁਮਾਰ ਨਾਲ ਮਹੱਤਵਪੂਰਨ ਮੀਟਿੰਗ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਐੱਸ.ਪੀ. ਸਿੰਘ, ਸੰਯੁਕਤ ਸਕੱਤਰ ਸੁਖਜਿੰਦਰ ਸਿੰਘ ਅਤੇ ਕੋਚ ਸੰਦੀਪ ਕੌਰ ਵੀ ਮੌਜੂਦ ਸਨ।

ਇਸ ਉੱਚ ਪੱਧਰੀ ਮੀਟਿੰਗ ਦੌਰਾਨ ਸੂਬੇ ਵਿੱਚ ਸਾਈਕਲਿੰਗ ਖੇਡ ਦੇ ਵਿਸਥਾਰ ਲਈ ਰਣਨੀਤਿਕ ਯੋਜਨਾਵਾਂ 'ਤੇ ਗਹਿਰਾਈ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਖ਼ਾਸ ਤੌਰ 'ਤੇ ਨਵੇਂ ਆਧੁਨਿਕ ਵੈਲੋਡਰੋਮ (ਟਰੈਕ) ਬਣਾਉਣ, ਮੌਜੂਦਾ ਟਰੈਕਾਂ ਦੀ ਅਪਗ੍ਰੇਡੇਸ਼ਨ, ਅਤੇ ਖਿਡਾਰੀਆਂ ਲਈ ਵਿਸ਼ਵ-ਪੱਧਰੀ ਟ੍ਰੇਨਿੰਗ ਸਹੂਲਤਾਂ ਪ੍ਰਦਾਨ ਕਰਨ 'ਤੇ ਜ਼ੋਰ ਦਿੱਤਾ ਗਿਆ।

ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਖੇਡਾਂ ਲਈ ਬੇਅੰਤ ਹੁਨਰ ਮੌਜੂਦ ਹੈ, ਪਰ ਢਾਂਚਾਗਤ ਕਮੀ ਕਾਰਨ ਇਹ ਟੈਲੈਂਟ ਅਕਸਰ ਪੂਰੀ ਤਰ੍ਹਾਂ ਨਿਖਰਨ ਤੋਂ ਰਹਿ ਜਾਂਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਸੂਬੇ ਵਿੱਚ ਜ਼ਿਲ੍ਹਾ ਪੱਧਰ 'ਤੇ ਸਾਈਕਲਿੰਗ ਟਰੈਕ ਬਣਾਏ ਜਾਣ, ਤਾਂ ਨੌਜਵਾਨਾਂ ਨੂੰ ਘਰ ਦੇ ਨੇੜੇ ਹੀ ਉੱਚ ਪੱਧਰੀ ਟ੍ਰੇਨਿੰਗ ਮਿਲ ਸਕਦੀ ਹੈ।

ਮੀਟਿੰਗ ਦੌਰਾਨ ਇਹ ਵੀ ਸੁਝਾਅ ਦਿੱਤਾ ਗਿਆ ਕਿ ਸਕੂਲ ਅਤੇ ਕਾਲਜ ਪੱਧਰ 'ਤੇ ਸਾਈਕਲਿੰਗ ਨੂੰ ਪ੍ਰੋਤਸਾਹਿਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤੇ ਜਾਣ ਅਤੇ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਸਿੱਖਿਆ ਸੰਸਥਾਵਾਂ ਨਾਲ ਜੋੜਿਆ ਜਾਵੇ। ਇਸ ਨਾਲ ਨੌਜਵਾਨ ਖਿਡਾਰੀਆਂ ਦੀ ਇਕ ਲੜੀ ਤਿਆਰ ਹੋ ਸਕਦੀ ਹੈ।

ਨਵੇਂ ਅਤੇ ਛੋਟੀ ਉਮਰ ਦੇ ਖਿਡਾਰੀਆਂ ਨੂੰ ਖੇਡ ਨਾਲ ਜੋੜਨ ਲਈ “ਪੇਅ ਐਂਡ ਪਲੇਅ” ਸਕੀਮ ਨੂੰ ਬਹੁਤ ਹੀ ਲਾਭਦਾਇਕ ਕਰਾਰ ਦਿੱਤਾ ਗਿਆ। ਇਸ ਸਕੀਮ ਰਾਹੀਂ ਖਿਡਾਰੀਆਂ ਨੂੰ ਘੱਟ ਖਰਚੇ 'ਤੇ ਉੱਚ ਪੱਧਰੀ ਸਹੂਲਤਾਂ ਪ੍ਰਾਪਤ ਹੋਣਗੀਆਂ, ਜਿਸ ਨਾਲ ਉਹ ਸ਼ੁਰੂਆਤੀ ਪੱਧਰ 'ਤੇ ਹੀ ਸਹੀ ਦਿਸ਼ਾ ਵਿੱਚ ਅੱਗੇ ਵੱਧ ਸਕਣਗੇ।

ਇਸ ਤੋਂ ਇਲਾਵਾ, ਕੋਚਿੰਗ ਪ੍ਰਣਾਲੀ ਨੂੰ ਮਜ਼ਬੂਤ ਕਰਨ, ਤਜ਼ਰਬੇਕਾਰ ਕੋਚਾਂ ਦੀ ਤਾਇਨਾਤੀ, ਅਤੇ ਨਵੀਂ ਤਕਨਾਲੋਜੀ ਆਧਾਰਿਤ ਟ੍ਰੇਨਿੰਗ ਤਰੀਕਿਆਂ ਨੂੰ ਅਪਣਾਉਣ 'ਤੇ ਵੀ ਵਿਚਾਰ ਕੀਤਾ ਗਿਆ। ਖਿਡਾਰੀਆਂ ਦੀ ਡਾਇਟ, ਫਿਟਨੈੱਸ ਅਤੇ ਮਾਨਸਿਕ ਤਿਆਰੀ ਨੂੰ ਧਿਆਨ ਵਿੱਚ ਰੱਖਦਿਆਂ ਹੋਲਿਸਟਿਕ ਡਿਵੈਲਪਮੈਂਟ ਮਾਡਲ ਲਾਗੂ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ।

ਇਸ ਮੌਕੇ ਐਸੋਸੀਏਸ਼ਨ ਵੱਲੋਂ ਈ.ਡੀ. ਵਨੀਤ ਕੁਮਾਰ ਦਾ ਸਨਮਾਨ ਵੀ ਕੀਤਾ ਗਿਆ। ਵਨੀਤ ਕੁਮਾਰ ਨੇ ਐਸੋਸੀਏਸ਼ਨ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਐਨ.ਆਈ.ਐਸ. ਪਟਿਆਲਾ ਹਮੇਸ਼ਾ ਖੇਡਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਸਾਈਕਲਿੰਗ ਖੇਡ ਨੂੰ ਉੱਚਾਈਆਂ 'ਤੇ ਲਿਜਾਣ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।

ਮੀਟਿੰਗ ਤੋਂ ਬਾਅਦ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਸਾਈਕਲਿੰਗ ਵੈਲੋਡਰੋਮ (ਟਰੈਕ) ਦਾ ਵਿਸਤ੍ਰਿਤ ਦੌਰਾ ਕੀਤਾ ਗਿਆ। ਉਨ੍ਹਾਂ ਨੇ ਉੱਥੇ ਟ੍ਰੇਨਿੰਗ ਕਰ ਰਹੇ ਖਿਡਾਰੀਆਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਮੁਸ਼ਕਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਅਹੁਦੇਦਾਰਾਂ ਨੇ ਖਿਡਾਰੀਆਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਅਤੇ ਸਹੂਲਤਾਂ ਵਿੱਚ ਸੁਧਾਰ ਲਿਆਉਣ ਲਈ ਸੰਬੰਧਤ ਅਧਿਕਾਰੀਆਂ ਨਾਲ ਲਗਾਤਾਰ ਸਹਿਯੋਗ ਕੀਤਾ ਜਾਵੇਗਾ।

ਅੰਤ ਵਿੱਚ ਐਸੋਸੀਏਸ਼ਨ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਸੂਬਾ ਪੱਧਰੀ ਕੋਚਿੰਗ ਕੈਂਪ, ਟੈਲੇਂਟ ਹੰਟ ਪ੍ਰੋਗਰਾਮ, ਸਕੂਲ ਲੀਗ ਮੁਕਾਬਲੇ ਅਤੇ ਪਿੰਡ ਪੱਧਰ ਤੱਕ ਸਾਈਕਲਿੰਗ ਨੂੰ ਪ੍ਰਚਾਰਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਇਸ ਦੇ ਨਾਲ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵੀ ਇਹ ਯਤਨ ਮਦਦਗਾਰ ਸਾਬਤ ਹੋਣਗੇ। ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦਾ ਟੀਚਾ ਹੈ ਕਿ ਪੰਜਾਬ ਨੂੰ ਸਾਈਕਲਿੰਗ ਖੇਡ ਵਿੱਚ ਦੇਸ਼ ਦਾ ਅਗੇਤਰ ਸੂਬਾ ਬਣਾਇਆ ਜਾਵੇ ਅਤੇ ਇੱਥੋਂ ਦੇ ਖਿਡਾਰੀ ਓਲੰਪਿਕ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦਾ ਨਾਮ ਰੌਸ਼ਨ ਕਰਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande