ਵਿਧਾਇਕ ਮਨਪ੍ਰੀਤ ਇਆਲੀ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫਾ
ਚੰਡੀਗੜ੍ਹ, 20 ਮਈ (ਹਿੰ.ਸ.)| ਮਨਪ੍ਰੀਤ ਸਿੰਘ ਇਆਲੀ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਅਤੇ ਪੋਸਟ ਸਾਂਝੀ ਕਰਦੇ ਹੋਏ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ। ਇਆਲੀ ਨੇ ਕਿਹਾ ਕਿ ਉਹ ਕਿ
ਮਨਪ੍ਰੀਤ ਸਿੰਘ ਇਆਲੀ


ਚੰਡੀਗੜ੍ਹ, 20 ਮਈ (ਹਿੰ.ਸ.)| ਮਨਪ੍ਰੀਤ ਸਿੰਘ ਇਆਲੀ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਅਤੇ ਪੋਸਟ ਸਾਂਝੀ ਕਰਦੇ ਹੋਏ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ। ਇਆਲੀ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਜਿਵੇਂ ਭਾਜਪਾ, ਆਮ ਆਦਮੀ ਪਾਰਟੀ, ਕਾਂਗਰਸ ਜਾਂ ਬਾਦਲ ਦਲ ਵਿੱਚ ਸ਼ਾਮਲ ਹੋਣ ਬਾਰੇ ਸੋਚ ਵੀ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਿੱਖ ਬੁੱਧੀਜੀਵੀਆਂ ਅਤੇ ਪੰਥ ਦੀਆਂ ਭਾਵਨਾਵਾਂ ਅਨੁਸਾਰ ਹੀ ਅਗਲਾ ਫੈਸਲਾ ਲਿਆ ਜਾਵੇਗਾ।

ਇਆਲੀ ਨੇ ਆਪਣੇ ਅਸਤੀਫੇ ਦੇ ਕਈ ਕਾਰਨ ਗਿਣਾਉਂਦਿਆਂ ਕਿਹਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਅਤੇ ਪੁਨਰਗਠਨ ਦੀ ਜ਼ਿੰਮੇਵਾਰੀ ਇੱਕ ਕਮੇਟੀ ਨੂੰ ਦਿੱਤੀ ਗਈ ਸੀ, ਜਿਸ ਵਿੱਚ ਉਹ ਵੀ ਮੈਂਬਰ ਸਨ। ਉਨ੍ਹਾਂ ਦੱਸਿਆ ਕਿ ਕਮੇਟੀ ਦਾ ਮਕਸਦ ਪਾਰਟੀ ਦੀ ਨਵੀਂ ਭਰਤੀ ਕਰਕੇ ਛੇ ਮਹੀਨਿਆਂ ਅੰਦਰ ਨਵੇਂ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਕਰਵਾਉਣਾ ਸੀ।

ਉਨ੍ਹਾਂ ਦੋਸ਼ ਲਗਾਇਆ ਕਿ ਸੁਖਬੀਰ ਸਿੰਘ ਬਾਦਲ ਨੇ ਇਸ ਕਮੇਟੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਬਾਵਜੂਦ ਕਮੇਟੀ ਨੇ ਪੂਰੀ ਇਮਾਨਦਾਰੀ ਨਾਲ ਭਰਤੀ ਮੁਹਿੰਮ ਚਲਾਈ। ਇਆਲੀ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਅਤੇ ਹੋਰ ਮੈਂਬਰਾਂ ਦੀ ਕਿਰਦਾਰਕੁਸ਼ੀ ਵੀ ਕੀਤੀ ਗਈ, ਪਰ ਉਨ੍ਹਾਂ ਨੇ ਸਿਰਫ਼ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਮੰਨਦਿਆਂ ਆਪਣੀ ਡਿਊਟੀ ਨਿਭਾਈ।

ਉਨ੍ਹਾਂ ਕਿਹਾ ਕਿ ਪਾਰਟੀ ਦੇ ਪੁਨਰਗਠਨ ਦੌਰਾਨ ਸਿੱਖ ਸੰਗਤ ਅਤੇ ਨੌਜਵਾਨਾਂ ਵੱਲੋਂ ਇਹ ਮੰਗ ਆ ਰਹੀ ਸੀ ਕਿ ਪੁਰਾਣੀ ਲੀਡਰਸ਼ਿਪ ਕੁਝ ਸਮੇਂ ਲਈ ਪਿੱਛੇ ਹਟੇ ਤਾਂ ਜੋ ਨਵਾਂ ਢਾਂਚਾ ਮਜ਼ਬੂਤ ਹੋ ਸਕੇ, ਪਰ ਇਹ ਸੁਝਾਅ ਨਹੀਂ ਮੰਨਿਆ ਗਿਆ। ਉਨ੍ਹਾਂ ਮੁਤਾਬਕ ਇਸ ਕਾਰਨ ਸੰਗਤ ਅਤੇ ਵਰਕਰ ਵੀ ਹੌਲੀ-ਹੌਲੀ ਦੂਰ ਹੁੰਦੇ ਗਏ।

ਮਨਪ੍ਰੀਤ ਇਆਲੀ ਨੇ ਕਿਹਾ ਕਿ ਉਹ ਪੰਥਕ ਧਿਰਾਂ ਨੂੰ ਇਕੱਠਾ ਕਰਨ ਦੇ ਹੱਕ ਵਿੱਚ ਸਨ ਅਤੇ ਵਾਰਿਸ ਪੰਜਾਬ ਦੇ ਸਮੇਤ ਹੋਰ ਧਿਰਾਂ ਨਾਲ ਤਾਲਮੇਲ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਪੁਰਾਣੀ ਲੀਡਰਸ਼ਿਪ ਦੇ ਰਵੱਈਏ ਕਾਰਨ ਇਹ ਯਤਨ ਵੀ ਕਾਮਯਾਬ ਨਾ ਹੋ ਸਕੇ।

ਅਖੀਰ ਵਿੱਚ ਉਨ੍ਹਾਂ ਕਿਹਾ ਕਿ ਜਦੋਂ ਕੋਈ ਵੀ ਪੰਥ ਦੀ ਭਾਵਨਾ ਅਨੁਸਾਰ ਚੱਲਣ ਲਈ ਤਿਆਰ ਨਹੀਂ, ਤਾਂ ਉਨ੍ਹਾਂ ਨੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਨਿਸ਼ਕਾਮ ਸੇਵਾ ਕਰਦੇ ਰਹਿਣਗੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande