
ਗੁਰਦਾਸਪੁਰ, 23 ਮਈ (ਹਿੰ.ਸ.)| ਗੁਰਦਾਸਪੁਰ ਦੇ ਬਟਾਲਾ ਅਧੀਨ ਪੈਂਦੇ ਪਿੰਡ ਛਿੱਟ ਦੇ ਰਹਿਣ ਵਾਲੇ ਭਾਰਤੀ ਫੌਜ ਦੇ ਜਵਾਨ ਕੰਵਲਜੀਤ ਸਿੰਘ (30) ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ ਉਸ ਨੇ ਫੇਸਬੁੱਕ ਲਾਈਵ ਕਰਕੇ ਆਪਣੀ ਪਤਨੀ ’ਤੇ ਗੰਭੀਰ ਦੋਸ਼ ਲਗਾਏ। ਜਾਣਕਾਰੀ ਅਨੁਸਾਰ ਕੰਵਲਜੀਤ ਸਿੰਘ ਕਰੀਬ 3 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਏ ਸਨ ਅਤੇ ਇਸ ਸਮੇਂ 17 ਸਿੱਖ ਰੈਜੀਮੈਂਟ, ਜੈਪੁਰ ਵਿੱਚ ਤਾਇਨਾਤ ਸਨ। ਹਾਲ ਹੀ ਵਿੱਚ ਉਨ੍ਹਾਂ ਨੂੰ ਅਸਥਾਈ ਤੌਰ ’ਤੇ ਜਬਲਪੁਰ (ਮੱਧ ਪ੍ਰਦੇਸ਼) ਭੇਜਿਆ ਗਿਆ ਸੀ।
ਮ੍ਰਿਤਕ ਨੇ ਫੇਸਬੁੱਕ ਲਾਈਵ ਦੌਰਾਨ ਦਾਅਵਾ ਕੀਤਾ ਕਿ ਉਸ ਦੀ ਪਤਨੀ ਸਿਰਫ਼ 2 ਮਹੀਨੇ ਬਾਅਦ ਹੀ ਆਪਣੇ ਪ੍ਰੇਮੀ ਨਾਲ ਘਰ ਛੱਡ ਕੇ ਚਲੀ ਗਈ ਸੀ। ਉਸ ਨੇ ਲਾਈਵ ਵਿੱਚ ਪਤਨੀ ਅਤੇ ਹੋਰ ਲੋਕਾਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ। ਮ੍ਰਿਤਕ ਦੀ ਪਛਾਣ ਕੰਵਲਜੀਤ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਦੀ ਸ਼ਾਦੀ ਫਰਵਰੀ 2026 ਵਿੱਚ ਸਬਰਜੀਤ ਕੌਰ ਨਾਲ ਹੋਈ ਸੀ। ਪਰਿਵਾਰ ਦਾ ਦੋਸ਼ ਹੈ ਕਿ ਵਿਆਹ ਤੋਂ ਦੋ ਮਹੀਨੇ ਬਾਅਦ ਹੀ ਪਤਨੀ ਰਾਤ ਕਰੀਬ 3 ਵਜੇ ਆਪਣੇ ਪ੍ਰੇਮੀ ਨਾਲ ਘਰ ਤੋਂ ਚਲੀ ਗਈ ਸੀ।
ਮਾਂ ਨੇ ਰੋਂਦੇ ਹੋਏ ਦੱਸਿਆ ਕਿ ਪੁੱਤਰ ਨੇ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਸਦਰ ਵਿੱਚ ਵੀ ਕੀਤੀ ਸੀ, ਪਰ ਪੁਲਿਸ ਵੱਲੋਂ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ। ਫੌਜੀ ਦੇ ਅੰਤਿਮ ਸੰਸਕਾਰ ਮੌਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਮਾਂ ਨੇ ਇਨਸਾਫ ਦੀ ਮੰਗ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਅਪੀਲ ਕੀਤੀ ਹੈ। ਪਰਿਵਾਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕੰਵਲਜੀਤ ਨੇ ਆਪਣੇ ਸਹੁਰੇ ਨੂੰ ਕਈ ਵਾਰ ਪਤਨੀ ਦੇ ਕਥਿਤ ਸੰਬੰਧਾਂ ਬਾਰੇ ਜਾਣਕਾਰੀ ਦਿੱਤੀ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। ਥਾਣਾ ਸਦਰ ਪੁਲਿਸ ਨੇ ਦੱਸਿਆ ਕਿ ਪਹਿਲਾਂ ਹੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਕਿਉਂਕਿ ਘਟਨਾ ਜਬਲਪੁਰ ਵਿੱਚ ਹੋਈ ਹੈ, ਇਸ ਲਈ ਅਗਲੀ ਕਾਰਵਾਈ ਉੱਥੋਂ ਦੀ ਪੁਲਿਸ ਵੱਲੋਂ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH